ਜੇਐੱਨਐੱਨ, ਲੁਧਿਆਣਾ

ਫੋਕਲ ਪੁਆਇੰਟ ਫੇਜ਼-6 ਵਿਚ ਫੈਕਟਰੀ ਵਿੱਚੋਂ ਕੰਮ ਕਰ ਕੇ ਘਰ ਪਰਤਦੇ ਮਜ਼ਦੂਰਾਂ ਨੂੰ ਬਾਈਕ ਸਵਾਰ ਲੁਟੇਰਿਆਂ ਨੇ ਰਸਤਾ ਪੁੱਛਣ ਦੇ ਬਹਾਨੇ ਚਾਕੂ ਨਾਲ ਹਮਲਾ ਕਰ ਕੇ ਲੁੱਟ ਲਿਆ ਤੇ ਉੱਥੋਂ ਖਿਸਕ ਗਏ। ਪੀੜਤ ਰਾਮ ਵਿਲਾਸ, ਬਬਲੂ ਤੇ ਅੰਗੇਸ਼ ਨੇ ਦੱਸਿਆ ਕਿ ਉਹ ਤਿੰਨੇ ਜਣੇ ਦੇਰ ਸ਼ਾਮ 8 ਵਜੇ ਫੋਕਲ ਪੁਆਇੰਟ ਫੇਜ਼-6 ਸਥਿਤ ਕਾਰਖ਼ਾਨੇ ਵਿਚ ਦਿਹਾੜੀ ਲਾ ਕੇ ਕਮਰਿਆਂ ਵੱਲ ਪਰਤ ਰਹੇ ਸਨ। ਤਿੰਨੇਂ ਜਣੇ ਸ਼ਾਮ ਧਰਮ ਕੰਡੇ ਤੋਂ ਥੋੜ੍ਹੀ ਅੱਗੇ ਪੁੱਜੇ ਤਾਂ ਪਿੱਿਛਓਂ ਬਾਈਕ 'ਤੇ ਸਵਾਰ ਲੁਟੇਰੇ ਆਏ ਤੇ ਕਿਸੇ ਫੈਕਟਰੀ ਬਾਰੇ ਪੁੱਛਣ ਲੱਗੇ। ਉਨ੍ਹਾਂ ਲੁਟੇਰਿਆਂ ਵਿੱਚੋਂ ਇਕ ਜਣਾ ਬਾਈਕ 'ਤੇ ਬੈਠਾ ਰਿਹਾ ਜਦਕਿ 2 ਜਣੇ ਉੱਤਰੇ ਤੇ ਤਲਾਸ਼ੀ ਲੈਣ ਲੱਗ ਪਏ, ਜਦੋਂ ਮਜ਼ਦੂਰਾਂ ਨੇ ਇਸ ਹਰਕਤ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਚਾਕੂ ਕੱਢ ਲਿਆ ਤੇ ਹਮਲਾ ਕਰ ਦਿੱਤਾ। ਲੁਟੇਰਿਆ ਨੇ ਰਾਮ ਵਿਲਾਸ ਨੂੰ ਸਿਰ 'ਤੇ ਚਾਕੂ ਮਾਰ ਦਿੱਤਾ। ਬਬਲੂ ਆਪਣਾ ਬਚਾਅ ਕਰਨ ਲੱਗ ਪਿਆ ਪਰ ਉਸ ਨੂੰ ਚਾਕੂ ਨਾਲ ਹਮਲਾ ਕਰ ਕੇ ਫੱਟੜ ਕਰ ਦਿੱਤਾ। ਮਜ਼ਦੂਰ ਅੰਗੇਸ਼ ਰੌਲਾ ਪਾਉਣ ਲੱਗਾ ਤਾਂ ਲਾਗੇ ਪੈਂਦੇ ਕਾਰਖ਼ਾਨਿਆਂ ਵਿੱਚੋਂ ਮਜ਼ਦੂਰ ਉੱਥੇ ਪਹੁੰਚ ਗਏ ਤੇ ਲੁਟੇਰੇ ਫ਼ਰਾਰ ਹੋ ਗਏ। ਲੁਟੇਰੇ ਇਨ੍ਹਾਂ ਤੋਂ ਕਰੀਬ 2 ਹਜ਼ਾਰ ਰੁਪਏ ਤੇ ਮੋਬਾਈਲ ਫੋਨ ਸੈੱਟ ਖੋਹ ਕੇ ਲੈ ਗਏ ਹਨ। ਇਹ ਤਿੰਨੇਂ ਢੰਡਾਰੀ ਖੁਰਦ ਇਲਾਕੇ ਵਿਚ ਇੱਕੋ ਕਮਰੇ ਵਿਚ ਵਿਚ ਰਹਿੰਦੇ ਹਨ। ਤਿੰਨਾਂ ਨੂੰ ਵੱਖ ਵੱਖ ਹਸਪਤਾਲਾਂ ਵਿਚ ਦਾਖ਼ਲ ਕਰਾਇਆ ਗਿਆ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਲੁਟੇਰੇ ਕਾਬੂ ਕੀਤੇ ਜਾਣ ਤੇ ਪੁਲਿਸ ਬਣਦੀ ਸਖ਼ਤੀ ਕਰੇ।