ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਕਾਰੋਬਾਰੀ ਦੇ ਘਰ 'ਚ ਪੀਓਪੀ ਦਾ ਕੰਮ ਕਰਨ ਆਏ ਮਜ਼ਦੂਰਾਂ ਨੇ ਘਰ ਦੇ ਕੋਨੇ-ਕੋਨੇ ਦੀ ਰੈਕੀ ਕੀਤੀ ਤੇ ਜਾਣਕਾਰੀਆਂ ਇਕੱਠੀਆਂ ਕਰਨ ਤੋਂ ਬਾਅਦ ਸ਼ਾਮ ਸਵਾ ਪੰਜ ਵਜੇ ਦੇ ਕਰੀਬ ਘਰ ਅੰਦਰ ਦਾਖਲ ਹੋ ਗਏ। ਲੁੱਟ ਦੀ ਨੀਅਤ ਨਾਲ ਘਰ ਦੇ ਅੰਦਰ ਦਾਖਲ ਹੋਏ ਬਦਮਾਸ਼ ਅਲਮਾਰੀਆਂ ਤਕ ਪਹੁੰਚਦੇ ਇਸ ਤੋਂ ਪਹਿਲੋਂ ਹੀ ਪਾਲਤੂ ਕੁੱਤੇ ਨੇ ਭੌਂਕਣਾ ਸ਼ੁਰੂ ਕਰ ਦਿੱਤਾ। ਮੁਲਜ਼ਮ ਨੇ ਕੁੱਤੇ ਦੇ ਤਾਬਤੋੜ ਦਾਤ ਮਾਰੇ, ਇਸ ਦੌਰਾਨ ਕਾਰੋਬਾਰੀ ਦੀ ਪਤਨੀ ਕਮਰੇ ਤੋਂ ਬਾਹਰ ਨਿਕਲੀ। ਔਰਤ ਦੇ ਰੌਲਾ ਪਾਉਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਗਲੀ ਨੰਬਰ ਚਾਰ ਸ਼ਿਮਲਾਪੁਰੀ ਦੇ ਵਾਸੀ ਸੁਖਦੇਵ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਆਪਣੇ ਘਰ 'ਚ ਪੀਓਪੀ ਦਾ ਕੰਮ ਸ਼ੁਰੂ ਕਰਵਾਇਆ ਸੀ। ਘਰ 'ਚ ਕੰਮ ਸ਼ੁਰੂ ਕਰਵਾਉਣ ਤੋਂ ਬਾਅਦ ਉਹ ਕਾਰੋਬਾਰ ਸਬੰਧੀ ਸ਼ਹਿਰ ਤੋਂ ਬਾਹਰ ਚਲੇ ਗਏ। ਸੁਖਦੇਵ ਸਿੰਘ ਮੁਤਾਬਕ ਉਨ੍ਹਾਂ ਦੀ ਪਤਨੀ ਘਰ 'ਚ ਇਕੱਲੀ ਹੀ ਸੀ। ਸ਼ਾਮ ਸਵਾ ਪੰਜ ਵਜੇ ਦੇ ਕਰੀਬ ਪੰਜ ਨਕਾਬਪੋਸ਼ ਵਿਅਕਤੀ ਕੰਧ ਟੱਪ ਕੇ ਘਰ ਦੇ ਅੰਦਰ ਦਾਖਲ ਹੋਏ। ਅਣਪਛਾਤੇ ਵਿਅਕਤੀਆਂ ਨੂੰ ਘਰ ਦੇ ਅੰਦਰ ਦਾਖਲ ਹੁੰਦਿਆਂ ਦੇਖ ਉਨ੍ਹਾਂ ਦਾ ਪਾਲਤੂ ਕੁੱਤਾ ਭੌਂਕਣ ਲੱਗ ਪਿਆ। ਬਦਮਾਸ਼ਾਂ ਨੇ ਕੁੱਤੇ 'ਤੇ ਦਾਤ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਕਾਰੋਬਾਰੀ ਦੀ ਪਤਨੀ ਕਮਰੇ ਤੋਂ ਬਾਹਰ ਆਈ। ਔਰਤ ਦੇ ਰੌਲਾ ਪਾਉਣ 'ਤੇ ਜਿਸ ਤਰ੍ਹਾਂ ਹੀ ਮੁਲਜ਼ਮ ਫ਼ਰਾਰ ਹੋਣ ਲੱਗੇ ਔਰਤ ਨੇ ਉਨ੍ਹਾਂ 'ਚੋਂ ਇੱਕ ਦਾ ਚਿਹਰਾ ਪਛਾਣ ਲਿਆ। ਕਾਰੋਬਾਰੀ ਦੀ ਪਤਨੀ ਮੁਤਾਬਿਕ ਵਾਰਦਾਤ ਨੂੰ ਅੰਜਾਮ ਦੇਣ ਆਏ ਮੁਲਜ਼ਮਾਂ 'ਚੋਂ ਇਕ ਵਿਅਕਤੀ ਉਨ੍ਹਾਂ ਦੇ ਘਰ ਪੀਓਪੀ ਦਾ ਕੰਮ ਕਰਨ ਵਾਲਾ ਸਚਿਨ ਸੀ। ਇਸ ਮਾਮਲੇ 'ਚ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਕਾਰੋਬਾਰੀ ਸੁਖਦੇਵ ਸਿੰਘ ਦੇ ਬਿਆਨਾਂ ਉੱਪਰ ਸਚਿਨ ਤੇ ਚਾਰ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਮੁਲਜ਼ਮ ਸਚਿਨ ਦੇ ਚਾਰ ਸਾਥੀ ਵੀ ਉਹੀ ਹਨ ਜੋ ਕਾਰੋਬਾਰੀ ਦੇ ਘਰ ਵਿੱਚ ਪੀਓਪੀ ਦਾ ਕੰਮ ਕਰਨ ਆਏ ਸਨ। ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਜਗਤਾਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਹੈ।

Posted By: Amita Verma