ਪੱਤਰ ਪੇ੍ਰਰਕ, ਰਾਏੇਕੋਟ : ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਰਾਏਕੋਟ ਪ੍ਰਸ਼ਾਸਨ ਵੱਲੋਂ ਪਿੰਡ ਅੱਚਰਵਾਲ ਤੇ ਪਿੰਡ ਝੋਰੜਾਂ ਵਿਖੇ ਲੋਕ ਦਰਬਾਰ ਲਗਾਇਆ ਗਿਆ, ਜਿਸ 'ਚ ਰਾਏਕੋਟ ਦੇ ਐੱਸਡੀਐੱਮ ਗੁਰਬੀਰ ਸਿੰਘ ਕੋਹਲੀ ਨੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ 'ਤੇ ਹੀ ਹੱਲ ਕੀਤਾ ਗਿਆ।

ਉਥੇ ਹੀ ਕੁੱਝ ਕੇਸਾਂ ਲਈ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੀ ਕਾਰਵਾਈ ਲਈ ਆਦੇਸ਼ ਜਾਰੀ ਕੀਤੇ। ਇਸ ਮੌਕੇ ਐੱਸਡੀਐੱਮ ਕੋਹਲੀ ਵੱਲੋਂ ਪਿੰਡਾਂ 'ਚ ਪਾਣੀ ਦੀ ਨਿਕਾਸੀ, ਪੰਚਾਇਤ ਘਰ ਤੇ ਆਂਗਨਵਾੜੀ ਸੈਂਟਰ ਆਦਿ ਚੈੱਕ ਕੀਤੇ ਤੇ ਪਿੰਡ ਦੇ ਵਿਕਾਸ ਕਾਰਜਾਂ ਦੀ ਵੀ ਚੈਕਿੰਗ ਕੀਤੀ। ਇਸ ਮੌਕੇ ਪਿੰਡ ਅੱਚਰਵਾਲ ਵਿਖੇ ਸੜਕ ਨੀਵੀਂ ਹੋਣ ਬਾਰੇ ਪਿੰਡ ਵਾਸੀਆਂ ਵੱਲੋਂ ਕੀਤੀ ਗਈ ਸ਼ਿਕਾਇਤ ਸਬੰਧੀ ਮੰਡੀ ਬੋਰਡ ਪੰਜਾਬ ਦੇ ਐੱਸਡੀਓ ਨੂੰ ਹਦਾਇਤ ਕੀਤੀ ਕਿ ਤੁਰੰਤ ਮੌਕਾ ਦੇਖ ਕੇ ਲੋੜੀਂਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਇਸ ਮੌਕੇ ਐੱਸਡੀਐੱਮ ਕੋਹਲੀ ਨੇ ਗੱਲਬਾਤ ਕਰਦਿਆਂ ਆਖਿਆ ਕਿ ਸਬ ਡਵੀਜਨ ਰਾਏਕੋਟ ਦੇ ਵਸਨੀਕਾਂ ਦੀ ਮੁਸ਼ਕਲਾਂ ਉਨ੍ਹਾਂ ਦੇ ਪਿੰਡਾਂ 'ਚ ਜਾ ਕੇ ਲੋਕ ਦਰਬਾਰ ਤਹਿਤ ਸੁਣੀਆਂ ਜਾਣਗੀਆਂ। ਇਸ ਮੌਕੇ ਰਾਏਕੋਟ ਦੇ ਬੀਡੀਪੀਓ ਪਰਮਿੰਦਰ ਸਿੰਘ ਸਮੇਤ ਹੋਰ ਵਿਭਾਗੀ ਅਧਿਕਾਰੀ ਵੀ ਮੌਜੂਦ ਸਨ।