ਸੰਜੀਵ ਗੁਪਤਾ, ਜਗਰਾਓਂ : ਭਿ੍ਸ਼ਟਾਚਾਰ ਨੂੰ ਲੈ ਕੇ ਸਾਲਾਂ ਤੋਂ ਚਰਚਿਤ ਜਗਰਾਓਂ ਨਗਰ ਕੌਂਸਲ ਦਫ਼ਤਰ ਵਿਚ ਅੱਜ ਬਲੈਕਲਿਸਟਡ ਕਰਾਰ ਠੇਕੇਦਾਰ ਨੂੰ ਕਰੋੜਾਂ ਦੇ ਵਿਕਾਸ ਕਾਰਜ ਅਲਾਟ ਕਰਨ ਦੇ ਮਾਮਲੇ 'ਚ ਮਚੀ ਹਾਹਾਕਾਰ ਤੋਂ ਬਾਅਦ ਅੱਜ ਵਿਜੀਲੈਂਸ ਵਿਭਾਗ ਦੀ ਟੀਮ ਨੇ ਦਸਤਕ ਦਿੱਤੀ। ਜਾਣਕਾਰੀ ਅਨੁਸਾਰ ਵੀਰਵਾਰ ਸਵੇਰੇ ਜਗਰਾਓਂ ਨਗਰ ਕੌਂਸਲ ਦਫ਼ਤਰ ਪੁੱਜੀ ਵਿਜੀਲੈਂਸ ਟੀਮ ਨੇ ਨਗਰ ਕੌਂਸਲ ਵੱਲੋਂ ਸਮੇਂ-ਸਮੇਂ ਸਿਰ ਕਰਵਾਏ ਗਏ ਵਿਕਾਸ ਕਾਰਜਾਂ ਦਾ ਰਿਕਾਰਡ ਹਾਸਲ ਕਰਦਿਆਂ ਲੰਮਾ ਸਮਾਂ ਬੈਠ ਕੇ ਉਸ ਨੂੰ ਖੰਗਾਲਿਆ ਅਤੇ ਰਿਕਾਰਡ ਅਨੁਸਾਰ ਸ਼ਹਿਰ ਵਿਚ ਬਣਾਈਆਂ ਗਈਆਂ ਸੜਕਾਂ ਵਾਲੇ ਇਲਾਕਿਆਂ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਟੀਮ ਨੇ ਕਈ ਥਾਵਾਂ 'ਤੇ ਸੜਕ ਪੁੱਟ ਕੇ ਸੈਂਪਲ ਵੀ ਹਾਸਲ ਕੀਤੇ।

ਕੀ ਹੈ ਸਾਰਾ ਮਾਮਲਾ

ਜਗਰਾਓਂ ਨਗਰ ਕੌਂਸਲ ਵੱਲੋਂ ਪਿਛਲੇ ਸਮੇਂ 'ਚ ਇਕ ਬਲੈਕਲਿਸਟ ਪ੍ਰਰਾਈਵੇਟ ਸੁਸਾਇਟੀ ਨੂੰ ਸ਼ਹਿਰ ਦੇ ਵਿਕਾਸ ਦੇ ਕੰਮ ਦਿੱਤੇ ਗਏ ਸਨ। ਨਿਯਮਾਂ ਅਨੁਸਾਰ ਕਿਸੇ ਵੀ ਕੌਂਸਲ ਵੱਲੋਂ ਬਲੈਕਲਿਸਟ ਕੀਤੀ ਗਈ ਸੁਸਾਇਟੀ ਜਾਂ ਠੇਕੇਦਾਰ ਨੂੰ ਮੁੜ ਕਿਸੇ ਵੀ ਕਮੇਟੀ ਵੱਲੋਂ ਟੈਂਡਰ ਨਹੀਂ ਜਾਰੀ ਕੀਤੇ ਜਾ ਸਕਦੇ ਪਰ ਜਗਰਾਓਂ ਨਗਰ ਕੌਂਸਲ ਦੇ ਚਹੇਤੇ ਅਫਸਰਾਂ ਵੱਲੋਂ ਚਹੇਤੀ ਬਲੈਕਲਿਸਟ ਸੁਸਾਇਟੀ ਨੂੰ ਮੋਟੇ ਠੇਕੇ ਹੀ ਨਹੀਂ ਉਨ੍ਹਾਂ ਦੀ ਅਦਾਇਗੀਆਂ ਵੀ ਕੀਤੀਆਂ ਗਈਆਂ। ਜਿਸ 'ਤੇ ਆਮ ਆਦਮੀ ਪਾਰਟੀ ਦੇ ਸੁਬਾਈ ਆਗੂ ਗੋਪੀ ਸ਼ਰਮਾ ਨੇ ਮੁੱਦਾ ਚੁੱਕਦਿਆਂ ਇਸ ਦੀਆਂ ਪਰਤਾਂ ਖੋਲ੍ਹੀਆਂ ਤਾਂ ਇਹ ਮੁੱਦਾ ਜਗ-ਜ਼ਾਹਰ ਹੋਇਆ।

ਬੋਲੇ ਵਿਧਾਇਕਾ ਨਾ ਛੱਡਿਓ ਭਿ੍ਸ਼ਟਾਚਾਰੀ

ਵਿਜੀਲੈਂਸ ਦੀ ਦਸਤਕ 'ਤੇ ਨਗਰ ਕੌਂਸਲ ਪੁੱਜੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਜਗਰਾਓਂ ਨਗਰ ਕੌਂਸਲ 'ਚ ਪਿਛਲੇ ਸਮੇਂ ਫੈਲੇ ਭਿ੍ਸ਼ਟਾਚਾਰ ਅਤੇ ਕਰੋੜਾਂ ਰੁਪਏ ਸਰਕਾਰ ਵੱਲੋਂ ਭੇਜਣ ਦੇ ਬਾਵਜੂਦ ਸ਼ਹਿਰ ਦੇ ਵਿਕਾਸ ਪੱਖੋਂ ਤਰਸਣ ਦਾ ਮੁੱਦਾ ਵਿਜੀਲੈਂਸ ਟੀਮ ਅੱਗੇ ਰੱਖਦਿਆਂ ਨਿਰਪੱਖ ਜਾਂਚ ਕਰਨ ਦੀ ਅਪੀਲ ਕਰਦਿਆਂ ਕਿਸੇ ਵੀ ਭਿ੍ਸ਼ਟਾਚਾਰੀ ਨੂੰ ਨਾ ਛੱਡਣ ਦਾ ਕਿਹਾ।

ਅਦਾਲਤ ਵਿਚ ਵੀ ਅੱਜ ਹੈ ਤਾਰੀਖ

ਆਮ ਆਦਮੀ ਪਾਰਟੀ ਦੇ ਗੋਪੀ ਸ਼ਰਮਾ ਵੱਲੋਂ ਇਹ ਮੁੱਦਾ ਹਾਈਕੋਰਟ ਵਿਚ ਚੁੱਕਿਆ ਗਿਆ, ਜਿਸ ਦੀ ਅੱਜ ਸ਼ੁਕਰਵਾਰ ਤੀਜੀ ਤਾਰੀਖ ਹੈ। ਇਸ ਤਾਰੀਖ 'ਤੇ ਅਦਾਲਤ ਵੱਲੋਂ ਵੀ ਨਗਰ ਕੌਂਸਲ ਨੂੰ ਸਮੂਹ ਰਿਕਾਰਡ ਲੈ ਕੇ ਪੁੱਜਣ ਲਈ ਤਲਬ ਕੀਤਾ ਗਿਆ ਹੈ।

ਵਿਜੀਲੈਂਸ ਟੀਮ ਖੁਦ ਡਰੀ ਡਰੀ

ਜਗਰਾਓਂ ਪੁੱਜੀ ਪੂਰੀ ਵਿਜੀਲੈਂਸ ਟੀਮ ਅੱਜ ਡਰੀ-ਡਰੀ ਲੱਗ ਰਹੀ ਸੀ। ਟੀਮ ਦੀ ਦਸਤਕ ਦੇ ਨਾਲ ਹੀ ਮੀਡੀਆ ਵੀ ਜਾ ਪੁੱਜਾ ਤਾਂ ਵਿਜੀਲੈਂਸ ਟੀਮ ਮੀਡੀਆ ਤੋਂ ਅੱਖਾਂ ਲਕੋਂਦੀ ਰਹੀ। ਅਖੀਰ ਸਾਹਮਣਾ ਹੋਇਆ ਤਾਂ ਟੀਮ ਅਧਿਕਾਰੀਆਂ ਨੇ ਆਪਣਾ ਨਾਮ ਤਕ ਦੱਸਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਮਾਮਲੇ ਸਬੰਧੀ ਉਹ ਕੁਝ ਨਹੀਂ ਦੱਸਣਗੇ।

ਟੀਮ ਨੂੰ ਅਕਾਊਂਟੈਂਟ ਨੇ ਰਜਿਸਟਰ ਤਕ ਨਾ ਦਿੱਤਾ

ਜਗਰਾਓਂ ਨਗਰ ਕੌਂਸਲ 'ਚ ਪਿਛਲੇ ਲੰਮੇ ਸਮੇਂ ਤੋਂ ਭਿ੍ਸ਼ਟਾਚਾਰ ਸਮੇਤ ਹੋਰ ਮੁੱਦਿਆਂ 'ਚ ਚਰਚਿਤ ਅਕਾਊਂਟੈਂਟ ਨੇ ਅੱਜ ਵਿਜੀਲੈਂਸ ਟੀਮ ਨੂੰ ਵੀ ਅੰਗੂਠਾ ਦਿਖਾ ਦਿੱਤਾ। ਟੀਮ ਨੇ ਜਾਂਚ ਦੌਰਾਨ ਜਦੋਂ ਉਸ ਤੋਂ ਰਿਕਾਰਡ ਵਾਲਾ ਰਜਿਸਟਰ ਮੰਗਿਆ ਤਾਂ ਉਸ ਨੇ ਸਾਫ ਇਨਕਾਰ ਕਰ ਦਿੱਤਾ। ਸ਼ਰੇਆਮ ਰਜਿਸਟਰ ਨਾ ਦੇਣ ਦਾ ਜਵਾਬ ਸੁਣ ਕੇ ਅੰਦਰੋਂ ਅੰਦਰ ਭੜਕੇ ਅਧਿਕਾਰੀ ਦਫ਼ਤਰ ਜਾ ਬੈਠੇ ਅਤੇ ਉਨ੍ਹਾਂ ਆਪਣੀ ਪਾਵਰ ਦਿਖਾਉਂਦਿਆਂ ਅਕਾਊਂਟੈਂਟ ਦੀ ਚੰਗੀ ਕਲਾਸ ਲਗਾਈ।