ਇਕ ਮਹੀਨੇ ਦੀ ਗਰਭਵਤੀ ਹੈ ਅੱਠਵੀਂ ਦੀ ਵਿਦਿਆਰਥਣ

ਜੇਐੱਨਐੱਨ, ਲੁਧਿਆਣਾ : ਸਾਊਥ ਸਿਟੀ ਪੁਲ ਦੇ ਨਜ਼ਦੀਕ ਬਰਗਰ ਦੀ ਰੇਹੜੀ ਲਾਉਣ ਵਾਲੇ ਤਿੰਨ ਬੱਚਿਆਂ ਦੇ ਬਾਪ ਨੇ ਅੱਠਵੀਂ ਦੀ ਵਿਦਿਆਰਥਣ ਨਾਲ ਜਬਰ-ਜਨਾਹ ਕੀਤਾ ਹੈ, ਜਿਸ ਕਾਰਨ ਉਹ ਗਰਭਵਤੀ ਹੋ ਗਈ ਹੈ। ਹੁਣ ਥਾਣਾ ਪੀਏਯੂ ਪੁਲਿਸ ਨੇ ਮੁਲਜ਼ਮ ਦੇ ਖਿਲਾਫ ਨਾਬਾਲਗ ਨੂੰ ਡਰਾ ਧਮਕਾ ਕੇ ਜਬਰ-ਜਨਾਹ ਕਰਨ ਤੇ ਪੋਕਸੋ ਐਕਟ ਦੇ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗਿ੍ਫਤਾਰ ਕਰ ਲਿਆ ਹੈ। ਵੀਰਵਾਰ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਜਿਥੇ ਉਸ ਨੂੰ ਨਿਆਇਕ ਹਿਰਾਸਤ 'ਚ ਸੈਂਟਰਲ ਜੇਲ੍ਹ ਭੇਜ ਦਿੱਤਾ ਗਿਆ। ਸਬ ਇੰਸਪੈਕਟਰ ਮਨਜਿੰਦਰ ਕੌਰ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਪਿੰਡ ਬਾੜੇਵਾਲ ਅਵਾਣਾ ਨਿਵਾਸੀ ਸ਼ਿਵ ਸ਼ੰਕਰ (29) ਵਜੋਂ ਹੋਈ ਹੈ। ਪੁਲਿਸ ਨੇ ਪਿੰਡ ਇਆਲੀ ਦੇ ਦਸ਼ਮੇਸ਼ ਨਗਰ ਨਿਵਾਸੀ ਨਾਬਾਲਗ ਦੇ ਪਿਤਾ ਸ਼ਿਕਾਇਤ ਕਰ ਕੇ ਉਸ ਦੇ ਖ਼ਿਲਾਫ਼ ਕੇਸ ਦਰਜ ਕਰਵਾਇਆ। ਪੁਲਿਸ ਨੂੰ ਦਿੱਤੇ ਬਿਆਨ 'ਚ ਉਸ ਨੇ ਦੱਸਿਆ ਕਿ ਉਸ ਦੀ 14 ਸਾਲਾ ਬੇਟੀ ਅੱਠਵੀਂ ਜਮਾਤ 'ਚ ਪੜ੍ਹਦੀ ਹੈ। ਪਿਛਲੇ ਇਕ-ਦੋ ਮਹੀਨੇ ਤੋਂ ਉਹ ਲਗਾਤਾਰ ਉਲਟੀਆਂ ਕਰ ਰਹੀ ਸੀ, ਜਿਸ ਕਾਰਨ 24 ਨਵੰਬਰ ਨੂੰ ਉਹ ਉਸ ਨੂੰ ਦੀਪਕ ਹਸਪਤਾਲ 'ਚ ਚੈੱਕਅਪ ਲਈ ਲੈ ਗਿਆ, ਜਿਥੇ ਡਾਕਟਰ ਨੇ ਜਾਂਚ ਤੋਂ ਬਾਅਦ ਦੱਸਿਆ ਕਿ ਉਹ ਦੋ ਮਹੀਨਿਆਂ ਦੀ ਗਰਭਵਤੀ ਹੈ। ਪੁੱਛਗਿੱਛ 'ਚ ਨਾਬਾਲਿਗ ਨੇ ਉਸ ਨੂੰ ਦੱਸਿਆ ਕਿ ਮੁਲਜ਼ਮ ਸ਼ਿਵ ਸ਼ੰਕਰ ਸਾਊਥ ਸਿਟੀ ਪੁਲ ਦੇ ਨਜ਼ਦੀਕ ਬਰਗਰ ਦੀ ਰੇਹੜੀ ਲਾਉਂਦਾ ਹੈ। ਉਹ ਅਕਸਰ ਉਸ ਦੇ ਕੋਲ ਬਰਗਰ ਖਾਣ ਲਈ ਜਾਂਦੀ ਸੀ। 12 ਅਕਤੂਬਰ ਦੇ ਦਿਨ ਜਦੋਂ ਉਹ ਉਸ ਦੇ ਕੋਲ ਬਰਗਰ ਖਾਣ ਲਈ ਗਈ ਤਾਂ ਉਹ ਉਸ ਨੂੰ ਵਰਗਲਾ ਕੇ ਨਜ਼ਦੀਕ ਦੇ ਖਾਲੀ ਪਲਾਟ 'ਚ ਬਣੇ ਕਮਰੇ ਅੰਦਰ ਲੈ ਗਿਆ। ਜਿਥੇ ਉਸ ਨੇ ਉਸ ਦੀ ਮਰਜ਼ੀ ਖਿਲਾਫ ਉਸ ਨੂੰ ਡਰਾ ਕੇ ਉਸ ਨਾਲ ਜਬਰ-ਜਨਾਹ ਕੀਤੀ। ਮਨਜਿੰਦਰ ਕੌਰ ਨੇ ਦੱਸਿਆ ਕਿ ਨਬਾਲਗ ਦਾ ਮੈਡੀਕਲ ਟੈਸਟ ਕਰਵਾ ਲਿਆ ਗਿਆ ਹੈ। ਮੁਲਜ਼ਮ ਦਾ 3 ਬੱਚਿਆਂ ਦਾ ਬਾਪ ਹੈ ਪਰ ਉਸ ਦਾ ਪਰਿਵਾਰ ਯੂਪੀ 'ਚ ਰਹਿੰਦਾ ਹੈ।