ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਘਰ ਦੇ ਬਾਹਰ ਗਾਲ੍ਹਾਂ ਕੱਢਣ ਤੋਂ ਰੋਕਿਆ ਗਿਆ ਤਾਂ 14 ਹਮਲਾਵਰਾਂ ਨੇ ਅੌਰਤ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ। ਜ਼ਿਕਰਯੋਗ ਹੈ ਕਿ ਇਨ੍ਹਾਂ ਹਮਲਾਵਰਾਂ 'ਚੋਂ ਕੁਝ ਨੌਜਵਾਨਾਂ ਨੇ ਕੁਝ ਦਿਨ ਪਹਿਲਾਂ ਗੁਆਂਢ 'ਚ ਰਹਿਣ ਵਾਲੀ ਮੁਟਿਆਰ ਨਾਲ ਛੇੜਛਾੜ ਕੀਤੀ ਸੀ। ਇਸ ਮਾਮਲੇ 'ਚ ਥਾਣਾ-7 ਦੀ ਪੁਲਿਸ ਨੇ ਸੈਕਟਰ 32 ਦੀ ਰਹਿਣ ਵਾਲੀ ਅੰਸ਼ੂ ਦੇ ਬਿਆਨਾਂ 'ਤੇ ਅਮਰਿੰਦਰ ਸਿੰਘ, ਅਖਿਲੇਸ਼, ਪੁਨੀਤ, ਲਵਕੁਸ਼, ਹਰੀਸ਼ੰਕਰ, ਸ਼ਾਮ ਸੁੰਦਰ ਤੇ ਦੋ ਅੌਰਤਾਂ ਸਣੇ ਚਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਅੰਸ਼ੂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਚੋਂ ਕੁਝ ਨੌਜਵਾਨਾਂ ਨੇ ਗੁਆਂਢ 'ਚ ਰਹਿੰਦੀ ਇਕ ਲੜਕੀ ਨਾਲ ਛੇੜਛਾੜ ਕੀਤੀ ਸੀ। ਲੜਕੀ ਨੇ ਜਦ ਉਨ੍ਹਾਂ ਦਾ ਵਿਰੋਧ ਕੀਤਾ, ਤਾਂ ਗੁੱਸੇ 'ਚ ਆਏ ਮੁਲਜ਼ਮਾਂ ਨੇ ਦੁਪਹਿਰ ਢਾਈ ਵਜੇ ਦੇ ਕਰੀਬ ਉਸਦੇ ਘਰ ਦੇ ਬਾਹਰ ਖੜ੍ਹਕੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਅੰਸ਼ੂ ਨੇ ਜਦ ਉਨ੍ਹਾਂ ਨੂੰ ਗਾਲ੍ਹਾਂ ਕੱਢਣੋਂ ਰੋਕਿਆ ਤਾਂ ਮੁਲਜ਼ਮਾਂ ਨੇ ਅੰਸ਼ੂ 'ਤੇ ਹੀ ਹਮਲਾ ਕਰ ਕੇ ਬੁਰੀ ਤਰ੍ਹਾਂ ਕੁੱਟਿਆ। ਲੋਕਾਂ ਨੂੰ ਇਕੱਠੇ ਹੁੰਦੇ ਦੇਖ ਮੁਲਜ਼ਮ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਇਸ ਮਾਮਲੇ 'ਚ ਏਐੱਸਆਈ ਰੇਸ਼ਮ ਸਿੰਘ ਨੇ ਕਿਹਾ ਕਿ ਪੁਲਿਸ ਨੇ ਅੌਰਤ ਅੰਸ਼ੂ ਦੇ ਬਿਆਨਾਂ 'ਤੇ ਮੁਲਜ਼ਮਾਂ ਦੇ ਖਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।