100 ਤੋਂ ਵੱਧ ਹੋ ਸਕਦੇ ਨੇ ਕੁਆਰੰਟਾਇਨ।

ਗੋਬਿੰਦ ਸ਼ਰਮਾ, ਸ਼੍ਰੀ ਮਾਛੀਵਾੜਾ ਸਾਹਿਬ : ਸਰਕਾਰ ਤੇ ਪ੍ਰਸ਼ਾਸਨ ਚਾਹੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਲੱਖ ਯਤਨ ਕਰੇ ਪਰ ਲੋਕ ਲਾਪਰਵਾਹੀ ਨਾਲ ਪ੍ਰਸ਼ਾਸਨ ਦੀ ਸਾਰੀਆਂ ਕੋਸ਼ਿਸ਼ਾਂ 'ਤੇ ਪਾਣੀ ਫੇਰਨ ਲਈ ਇਕ ਮਿੰਟ ਵੀ ਨਹੀਂ ਲਗਾਉਂਦੇ। ਸ਼ਹਿਰ ਦੇ ਇਕ ਡਾਕਟਰ ਦੇ ਪਾਜ਼ੇਟਿਵ ਤੋਂ ਆਉਣ ਤੋਂ ਬਾਅਦ ਸਾਰੇ ਪਰਿਵਾਰਕ ਮੈਂਬਰਾਂ ਦੇ ਨੈਗੇਟਿਵ ਹੋਣ ਨਾਲ ਸ਼ਹਿਰ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਸੀ ਕਿ ਅਚਾਨਕ ਸੱਤ ਪਾਜ਼ੇਟਿਵ ਨਵੇਂ ਕੇਸਾਂ ਨੇ ਇਲਾਕਾ ਵਾਸੀਆਂ ਦੀ ਨੀਂਦ ਉਡਾ ਦਿੱਤੀ ਹੈ। ਹਾਲਾਂਕਿ ਇਨ੍ਹਾਂ ਪਾਜ਼ੇਟਿਵ ਕੇਸਾਂ ਦੀ ਅਧਿਕਾਰਕ ਤੌਰ 'ਤੇ ਕੋਈ ਟਰੈਵਲ ਹਿਸਟਰੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਸੂਤਰਾਂ ਮੁਤਾਬਿਕ ਸ਼ਹਿਰ ਦੇ ਇਕ ਪਤਵੰਤੇ ਸੱਜਣ ਦੇ ਪਰਿਵਾਰ 'ਚ ਪਿਛਲੇ ਦਿਨੀਂ ਹੋਏ ਵਿਆਹ ਸਮਾਗਮ 'ਚ ਸਮਾਜਿਕ ਦੂਰੀ ਦੀਆਂ ੳੱੁਡੀਆਂ ਧੱਜੀਆਂ ਇਸ ਦਾ ਕਾਰਨ ਮੰਨਿਆ ਜਾ ਰਿਹਾ ਹੈ।

ਸ਼ਹਿਰ ਤੋਂ ਬਾਹਰ ਹੋਏ ਇਸ ਸਮਾਗਮ 'ਚ ਸ਼ਹਿਰ ਦੇ ਹੀ 100 ਤੋਂ ਜ਼ਿਆਦਾ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ ਸੀ। ਸਮਾਗਮ ਤੋਂ ਤੁਰੰਤ ਬਾਅਦ ਕੁਝ ਲੋਕ ਬੀਮਾਰ ਵੀ ਹੋਏ ਪਰ ਸਾਹਮਣੇ ਕੋਈ ਨਹੀਂ ਆ ਰਿਹਾ ਪਰ ਅੰਦਰ ਖਾਤੇ ਕਈ ਇਲਾਜ ਵੀ ਕਰਵਾ ਰਹੇ ਹਨ। ਕੱਲ੍ਹ ਪਾਜ਼ੇਟਿਵ ਆਇਆ ਇਕ ਆੜ੍ਹਤੀ ਪਰਿਵਾਰ ਵੀ ਇਸੇ ਸਮਾਗਮ 'ਚ ਸ਼ਾਮਲ ਹੋਇਆ ਸੀ।

ਐੱਸਐੱਮਓ ਡਾ. ਜਸਪ੍ਰਰੀਤ ਕੌਰ ਨੇ ਕਿਹਾ ਕਿ ਅੱਜ ਦੇ ਕੁਲ ਪੰਜ ਪਾਜ਼ੇਟਿਵ ਕੇਸ ਆਏ ਹਨ। ਜਿਨ੍ਹਾਂ 'ਚ ਗੁਰੌ ਕਾਲੋਨੀ ਦੇ ਦੋ, ਦਸ਼ਮੇਸ ਨਗਰ ਦਾ ਇਕ, ਪਿੰਡ ਹੇਡੋਂ ਬੇਟ ਦਾ ਇਕ ਤੇ ਪਿੰਡ ਮੰਡ ਉਦੋਵਾਲ ਦੀ ਇਕ ਅੌਰਤ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਵਿਭਾਗ ਕਿਸੇ ਨੂੰ ਵੀ ਜਬਰਦਸਤੀ ਕੁਆਰੰਟਾਈਨ ਨਹੀਂ ਕਰ ਸਕਦਾ ਜੇਕਰ ਕੋਈ ਪੱਕੀ ਜਾਣਕਾਰੀ ਹੋਵੇ ਤਾਂ ਹੀ ਕੀਤਾ ਜਾ ਸਕਦਾ ਹੈ, ਨਹੀਂ ਤਾਂ ਇਸ 'ਚ ਵੀ ਲੋਕਾਂ ਦੇ ਸਹਿਯੋਗ ਦੀ ਲੋੜ ਹੁੰਦੀ ਹੈ। ਜਦੋਂ ਮਰੀਜ਼ ਆਪਣੀ ਹਿਸਟਰੀ ਦੱਸੇਗਾ ਤਾਂ ਉਸ ਆਧਾਰ 'ਤੇ ਹੀ ਸ਼ੱਕੀ ਮਰੀਜ਼ ਨੂੰ ਕੁਆਰੰਟਾਈਨ ਕਰਨਾ ਜਾਂ ਇਲਾਜ ਕਰਨਾ ਸੰਭਵ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਸਮਾਗਮ 'ਚ ਸ਼ਾਮਲ ਲੋਕਾਂ ਦੀ ਲਿਸਟ ਤਿਆਰ ਕੀਤੀ ਜਾ ਰਹੀ 100 ਤੋਂ ਵੱਧ ਲੋਕਾਂ ਨੂੰ ਕੁਅਰੰਟਾਇਨ ਕੀਤਾ ਜਾਵੇਗਾ ਤੇ ਉਨ੍ਹਾਂ ਦਾ ਟੈਸਟ ਵੀ ਕਰਵਾਇਆ ਜਾਵੇਗਾ।