ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਸ਼ਰਾਬ ਦੇ ਠੇਕੇ ਨੂੰ ਨਿਸ਼ਾਨਾ ਬਣਾਉਂਦਿਆਂ ਹਥਿਆਰਾਂ ਨਾਲ ਲੈੱਸ ਬਦਮਾਸ਼ਾਂ ਨੇ ਸ਼ਟਰ ਤੋੜ ਕੇ ਕਰਿੰਦਿਆਂ ਨੂੰ ਬੰਧਕ ਬਣਾ ਲਿਆ ਅਤੇ ਮਹਿੰਗੀ ਸ਼ਰਾਬ ਦੀਆਂ 30 ਪੇਟੀਆਂ ਤੇ 13 ਹਜ਼ਾਰ 70 ਰੁਪਏ ਦੀ ਨਕਦੀ ਲੁੱਟ ਲਈ। ਇਸ ਮਾਮਲੇ ਵਿਚ ਥਾਣਾ ਡੇਹਲੋਂ ਦੀ ਪੁਲਿਸ ਨੇ ਮਾਣਕਵਾਲ ਦੇ ਵਾਸੀ ਠੇਕੇ ਦੇ ਮੈਨੇਜਰ ਮੱਖਣ ਸਿੰਘ ਦੇ ਬਿਆਨਾਂ ਉਪਰ ਅਣਪਛਾਤੇ ਬਦਮਾਸ਼ਾਂ ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ । ਜਾਣਕਾਰੀ ਦਿੰਦਿਆਂ ਮੱਖਣ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲੋਂ ਤੜਕੇ ਤਿੰਨ ਵਜੇ ਦੇ ਕਰੀਬ ਉਨ੍ਹਾਂ ਦੇ ਗਿੱਲ ਗਾਰਡਨ ਚੌਕ ਵਾਲੇ ਠੇਕੇ ਨੂੰ ਨਿਸ਼ਾਨਾ ਬਣਾਉਂਦਿਆਂ ਅੱਧਾ ਦਰਜਨ ਦੇ ਕਰੀਬ ਬਦਮਾਸ਼ਾਂ ਨੇ ਠੇਕੇ ਦਾ ਸ਼ਟਰ ਤੋੜਿਆ ਅਤੇ ਹਥਿਆਰਾਂ ਦੀ ਨੋਕ ਤੇ ਠੇਕੇ ਦੇ ਅੰਦਰ ਮੌਜੂਦ ਸੇਲਜ਼ਮੈਨ ਨਿਰਮਲ ਸਿੰਘ ਅਤੇ ਉਸਦੇ ਸਾਥੀ ਨੂੰ ਬੰਧਕ ਬਣਾ ਲਿਆ ।

ਬਦਮਾਸ਼ਾਂ ਨੇ ਕੁਝ ਹੀ ਮਿੰਟਾਂ ਵਿੱਚ ਠੇਕੇ ਦੇ ਅੰਦਰੋਂ ਕੀਮਤੀ ਸ਼ਰਾਬ ਦੀਆਂ 30ਪੇਟੀਆਂ ਅਤੇ 13 ਹਜਾਰ 70 ਠੇਕੇ ਦੇ ਮੈਨੇਜਰ ਰੁਪਏ ਦੀ ਨਕਦੀ ਲੁੱਟ ਲਈ l ਬਦਮਾਸ਼ਾਂ ਦੇ ਚਲੇ ਜਾਣ ਤੋਂ ਬਾਅਦ ਨਿਰਮਲ ਸਿੰਘ ਨੇ ਮੱਖਣ ਸਿੰਘ ਨੂੰ ਸੂਚਨਾ ਦਿੱਤੀ । ਮੈਨੇਜਰ ਵੱਲੋਂ ਮਿਲੀ ਜਾਣਕਾਰੀ ਤੋਂ ਬਾਅਦ ਥਾਣਾ ਡੇਹਲੋਂ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਕੇਸ ਦੀ ਤਫਤੀਸ਼ ਸ਼ੁਰੂ ਕੀਤੀ ।ਇਸ ਮਾਮਲੇ ਵਿੱਚ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।ਪੁਲਿਸ ਨੇ ਅਣਪਛਾਤੇ ਬਦਮਾਸ਼ਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ।

Posted By: Tejinder Thind