ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਜਿਸ ਤਰਾਂ੍ਹ ਕਿ ਪਹਾੜੀ ਇਲਾਕਿਆਂ 'ਚ ਧਰਤੀ ਬਰਸਾਤੀ ਪਾਣੀ ਦੇ ਅੰਦਰੋਂ-ਅੰਦਰੀ ਵਗਣ ਕਾਰਨ ਧਸ ਜਾਂਦੀ ਹੈ ਉਸ ਤਰਾਂ੍ਹ ਹੀ ਮਾਛੀਵਾੜਾ ਵਿਖੇ ਵੀ ਬਹੁਤ ਸਾਰੇ ਲੋਕਾਂ ਦੇ ਘਰ ਧਰਤੀ 'ਚ ਧਸ ਗਏ ਹਨ ਤੇ ਕੰਧਾਂ ਨੂੰ ਤਰੇੜਾਂ ਆ ਗਈਆਂ ਹਨ। ਜਾਣਕਾਰੀ ਮੁਤਾਬਕ ਪੁਰਾਣੇ ਸ਼ਹਿਰ ਦੇ ਐਨ ਵਿਚਕਾਰ ਵਸਦੇ ਕ੍ਰਿਸ਼ਨਾਪੁਰੀ ਮੁਹੱਲੇ ਦੇ ਕਰੀਬ 18 ਘਰਾਂ ਨੂੰ ਇਹ ਨੁਕਸਾਨ ਪਹੁੰਚਿਆ ਹੈ। ਮੁਹੱਲਾ ਵਾਸੀਆਂ ਹਰਕੇਸ਼ ਨਹਿਰਾ, ਵਿਜੈ ਕਪਿਲ, ਸੰਜੀਵ ਸੂਦ, ਸੁਭਾਸ਼ ਚੰਦਰ, ਪ੍ਰਮੋਦ ਚੋਪੜਾ, ਰਜਿੰਦਰ ਕੁਮਾਰ, ਦਰਸ਼ਨ ਨਹਿਰਾ, ਰਮੇਸ਼ ਕੁਮਾਰ, ਵਿਸ਼ਾਲ ਸਿੰਗਲਾ, ਲਵ ਨਹਿਰਾ, ਵਿਨੋਦ ਸਿੰਗਲਾ, ਸਤਪਾਲ ਤੇ ਸਤੀਸ਼ ਸੂਦ ਆਦਿ ਨੇ 'ਪੰਜਾਬੀ ਜਾਗਰਣ' ਨਾਲ ਗੱਲ ਕਰਦਿਆਂ ਕਿਹਾ ਕਿ ਇਹ ਸਭ ਸੀਵਰੇਜ਼ ਦੀ ਮਾੜੀ ਕਾਰਗੁਜ਼ਾਰੀ ਕਾਰਨ ਹੋਇਆ ਹੈ। ਉਨਾਂ੍ਹ ਆਪੋ-ਆਪਣੇ ਘਰ ਦਿਖਾਉਂਦੇ ਦੱਸਿਆ ਕਿ ਜਿੱਥੇ ਸਾਡੇ ਰਹਿਣ ਬਸੇਰਿਆਂ ਦੀ ਜਗ੍ਹਾ ਧਰਤੀ 'ਚ ਧਸ ਗਈ ਹੈ ਉੱਥੇ ਕੰਧਾਂ ਨੂੰ ਵੀ ਤਰੇੜਾਂ ਆ ਗਈਆਂ ਹਨ ਜਿਸ ਕਰਕੇ ਕਦੇ ਵੀ ਕੋਈ ਮਾੜੀ ਘਟਨਾ ਵਾਪਰ ਸਕਦੀ ਹੈ। ਉਨਾਂ੍ਹ ਦੱਸਿਆ ਕਿ ਇਸ ਬਾਰੇ ਅਸੀਂ ਨਗਰ ਕੌਂਸਲ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੀ ਜਾਣਕਾਰੀ ਦਿੱਤੀ ਹੈ ਤੇ ਪਿਛਲੇ ਦਿਨੀਂ ਕਮਿਊਨਿਟੀ ਸੈਂਟਰ ਵਿਖੇ ਲੱਗੇ ਸ਼ਿਕਾਇਤ ਨਿਵਾਰਨ ਕੈਂਪ 'ਚ ਵੀ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਤੇ ਏਡੀਸੀ ਅਨੀਤਾ ਦਰਸ਼ੀ ਨੂੰ ਵੀ ਜਾਣੂ ਕਰਵਾਇਆ ਸੀ ਜਿਨਾਂ੍ਹ ਮੌਕੇ 'ਤੇ ਹੀ ਕਰਮਚਾਰੀਆਂ ਨੂੰ ਨਿਰਦੇਸ਼ ਦੇ ਕੇ ਘਰਾਂ ਦੀ ਸਥਿਤੀ ਜਾਣਨ ਲਈ ਭੇਜਿਆ। ਸਰਕਾਰੀ ਕਰਮਚਾਰੀਆਂ ਵਲੋਂ ਉਨਾਂ੍ਹ ਦੇ ਘਰਾਂ ਦੀ ਹਾਲਤ ਦੇਖ ਲਈ ਗਈ ਹੈ ਪਰ ਇਸ 'ਚ ਸੁਧਾਰ ਲਿਆਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਤੇ ਦੂਸਰੇ ਪਾਸੇ ਨਗਰ ਕੌਂਸਲ ਨਾਲ ਸਬੰਧਤ ਪ੍ਰਸ਼ਾਸਨ ਵਲੋਂ ਵੀ ਸਾਡੀ ਸਾਰ ਨਹੀਂ ਲਈ ਜਾ ਰਹੀ। ਮੁਹੱਲਾ ਵਾਸੀਆਂ ਨੇ ਘਰਾਂ ਦੇ ਬਾਹਰ ਬਣੀ ਧਸ ਚੁੱਕੀ ਸੜਕ ਵੀ ਦਿਖਾਈ ਤੇ ਉਨਾਂ੍ਹ ਡਰ ਪ੍ਰਗਟਾਇਆ ਕਿ ਸੀਵਰੇਜ਼ ਦੀਆਂ ਬਣਾਈਆਂ ਹੌਦੀਆਂ ਬਿਲਕੁਲ ਖਸਤਾ ਹਾਲਤ ਹੋ ਚੁੱਕੀਆਂ ਹਨ ਜਿਨਾਂ੍ਹ ਤੋਂ ਪਾਣੀ ਰਿਸ ਕੇ ਮਕਾਨਾਂ ਦੀਆਂ ਨੀਹਾਂ 'ਚ ਪੈ ਰਿਹਾ ਹੈ। ਉਨਾਂ੍ਹ ਦੱਸਿਆ ਕਿ ਬਾਰਿਸ਼ ਦੇ ਦਿਨਾਂ 'ਚ ਉਨਾਂ੍ਹ ਦੇ ਦਿਲਾਂ 'ਤੇ ਇਸ ਕਦਰ ਡਰ ਬਣਿਆ ਰਹਿੰਦਾ ਹੈ ਕਿ ਕਿਤੇ ਰਾਤ-ਬਰਾਤੇ ਮਕਾਨ ਨਾ ਡਿੱਗ ਜਾਣ ਤੇ ਉਨਾਂ੍ਹ ਦਾ ਕੋਈ ਜਾਨੀ-ਮਾਲੀ ਨੁਕਸਾਨ ਨਾ ਹੋ ਜਾਵੇ। ਉਨਾਂ੍ਹ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹ ਜੀਅ ਦਾ ਜੰਜਾਲ ਬਣੀ ਆਫ਼ਤ ਤੋਂ ਛੁਟਕਾਰਾ ਦਿਵਾਇਆ ਜਾਵੇ ਤੇ ਜਲਦ ਤੋਂ ਜਲਦ ਜੋ ਸੀਵਰੇਜ਼ ਪਾਈਪਾਂ ਹਨ ਉਹ ਦੁਬਾਰਾ ਪੁੱਟ ਕੇ ਨਵੀਆਂ ਪਾਈਆਂ ਜਾਣ, ਹੌਦੀਆਂ ਦੀ ਮੁਰੰਮਤ ਕੀਤੀ ਜਾਵੇ ਤੇ ਜੇਕਰ ਕਿਤੇ ਵੀ ਕੋਈ ਪਾਣੀ ਦੀ ਲੀਕੇਜ਼ ਹੈ ਉਸ ਨੂੰ ਤੁਰੰਤ ਠੀਕ ਕੀਤਾ ਜਾਵੇ।

====

ਕੀ ਕਹਿਣਾ ਹੈ ਨਗਰ ਕੌਂਸਲ ਅਧਿਕਾਰੀ ਦਾ

ਇਸ ਮਾਮਲੇ ਸਬੰਧੀ ਨਗਰ ਕੌਂਸਲ ਮਾਛੀਵਾੜਾ ਦੇ ਜਨਰਲ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਅਧਿਕਾਰੀਆਂ ਦੇ ਧਿਆਨ 'ਚ ਹੈ। ਉਨਾਂ੍ਹ ਦੱਸਿਆ ਕਿ ਕੌਂਸਲ ਵਲੋਂ ਜਲਦੀ ਹੀ ਕ੍ਰਿਸ਼ਨਾਪੁਰੀ ਮੁਹੱਲੇ ਦੀ ਸਬੰਧਿਤ ਥਾਂ ਤੋਂ ਸੀਵਰੇਜ਼ ਦੀ ਮੁਰੰਮਤ ਕੀਤੀ ਜਾਵੇਗੀ। ਮੁਹੱਲਾ ਵਾਸੀਆਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।