ਅਮਨਪ੍ਰਰੀਤ ਸਿੰਘ ਚੌਹਾਨ, ਲੁਧਿਆਣਾ : ਸਿਵਲ ਲਾਈਨ ਇਲਾਕੇ 'ਚ ਬਣੇ ਆਰਟੀਏ ਅਧੀਨ ਆਉਂਦੇ ਆਟੋਮੇਟਡ ਡਰਾਈਵ ਟੈਸਟ ਸੈਂਟਰ 'ਤੇ ਲਾਇਸੈਂਸ ਬਣਵਾਉਣ ਲਈ ਆਉਣ ਵਾਲੇ ਬਿਨੈਕਾਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੈਂਟਰ 'ਚ ਬਣੇ ਲਾਇਸੈਂਸ ਸਬੰਧੀ ਵੱਖ-ਵੱਖ ਕਾਊਂਟਰਾਂ 'ਤੇ ਕੰਮ ਕਰਨ ਵਾਲੇ ਸਮਾਰਟ ਚਿਪ ਕੰਪਨੀ ਦੇ ਮੁਲਾਜ਼ਮ ਲਾਇਸੈਂਸ ਬਣਵਾਉਣ ਲਈ ਆਏ ਬਿਨੈਕਾਰਾਂ ਨੂੰ ਸਾਰੀ ਪ੍ਰਕਿਰਿਆ ਸਕਰਿਊਟਨੀ, ਫੋਟੋ ਤੇ ਟੈਸਟ ਡਰਾਈਵ ਹੋ ਜਾਣ ਤੋਂ ਬਾਅਦ ਮੋਬਾਈਲ 'ਤੇ ਅਪਰੂਵਲ ਦਾ ਮੈਸੇਜ ਆਉਣ ਤੋਂ ਕਰੀਬ ਵੀਹ ਦਿਨ ਬਾਅਦ ਆ ਕੇ ਲਾਇਸੈਂਸ ਲਿਜਾਣ ਬਾਰੇ ਕਹਿ ਵਾਪਸ ਭੇਜ ਦਿੰਦੇ ਹਨ, ਜਦੋਂਕਿ ਬਿਨੈਕਾਰਾਂ ਨੂੰ ਕਈ ਚੱਕਰ ਕੱਟਣ ਦੇ ਬਾਵਜੂਦ ਵੀ ਲਾਇਸੈਂਸ ਲੈਣ ਵਾਸਤੇ ਖੱਜਲ ਹੋਣਾ ਪੈਂਦਾ ਹੈ। ਪਹਿਲਾਂ ਤਾਂ ਜਨਤਾ ਨੂੰ ਲਾਇਸੈਂਸ ਬਣਵਾਉਣ ਵਾਸਤੇ ਆ ਰਹੀਆਂ ਦਿੱਕਤਾਂ ਦੇ ਮਾਮਲੇ ਸਾਹਮਣੇ ਆ ਰਹੇ ਸਨ ਪਰ ਹੁਣ ਇਨ੍ਹਾਂ ਮੁਲਾਜ਼ਮਾਂ ਨੇ ਸਰਕਾਰੀ ਮੁਲਾਜ਼ਮਾਂ ਨੂੰ ਵੀ ਲਾਰੇ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਹਨ।ਇਸੇ ਤਹਿਤ ਆਰਟੀਏ ਦਫ਼ਤਰ ਆਏ ਨਿਊ ਅਮਨ ਨਗਰ ਦੇ ਰਹਿਣ ਵਾਲੇ ਬਲਰਾਜ ਨੇ ਦੱਸਿਆ ਕਿ ਉਹ ਨਗਰ ਨਿਗਮ ਦੇ ਜ਼ੋਨ-ਏ ਵਿਚ ਨੌਕਰੀ ਕਰਦਾ ਹੈ। ਉਸ ਨੇ ਦੱਸਿਆ ਕਿ 20 ਸਤੰਬਰ ਨੂੰ ਉਹ ਲਾਇਸੈਂਸ ਨਵਿਆਉਣ ਲਈ ਸਾਰੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਫੋਟੋ ਕਰਵਾ ਕੇ ਗਿਆ ਸੀ ਤੇ ਸਮਾਰਟ ਚਿਪ ਕੰਪਨੀ ਦੇ ਮੁਲਾਜ਼ਮਾਂ ਨੇ ਵੀਹ ਦਿਨ ਬਾਅਦ ਆ ਕੇ ਲਾਇਸੈਂਸ ਲੈ ਕੇ ਜਾਣ ਲਈ ਕਿਹਾ ਸੀ। ਉਨ੍ਹਾਂ ਦੱਸਿਆ ਕਿ ਹੁਣ ਕਰੀਬ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਹਾਲੇ ਤਕ ਉਨ੍ਹਾਂ ਦਾ ਲਾਇਸੈਂਸ ਨਹੀਂ ਮਿਲਿਆ। ਕਈ ਵਾਰ ਚੱਕਰ ਕੱਟਣ 'ਤੇ ਮੁਲਾਜ਼ਮਾਂ ਵੱਲੋਂ ਹਰ ਵਾਰ ਨਵਾਂ ਬਹਾਨਾ ਲਾ ਕੇ ਵਾਪਸ ਭੇਜ ਦਿੱਤਾ ਜਾਂਦਾ ਸੀ। ਜਦ ਉਨ੍ਹਾਂ ਨੇ ਮੁਲਾਜ਼ਮਾਂ ਨਾਲ ਇਸ ਗੱਲ ਨੂੰ ਲੈ ਕੇ ਵਿਰੋਧ ਕੀਤਾ ਤਾਂ ਪਤਾ ਲੱਗਾ ਕਿ ਉਸ ਦੀ ਲਾਇਸੈਂਸ ਅਪਲਾਈ ਕਰਨ ਵਾਲੀ ਫਾਈਲ ਹੀ ਗੁੰਮ ਹੋ ਚੁੱਕੀ ਹੈ ਜਿਸ ਤੋਂ ਬਾਅਦ ਉਸ ਨੂੰ ਆਰਟੀਏ ਦਫ਼ਤਰ 'ਚ ਫਰਿਆਦ ਕਰਨ ਲਈ ਆਖਿਆ ਗਿਆ। ਜਦ ਉਨ੍ਹਾਂ ਇਸ ਮਾਮਲੇ ਬਾਰੇ ਏਟੀਓ ਕੇਸਰਪਾਲ ਸਿੰਘ ਨੂੰ ਮਿਲ ਕੇ ਸਾਰੀ ਗੱਲ ਦੱਸੀ ਤਾਂ ਉਨ੍ਹਾਂ ਕਿਹਾ ਕਿ ਲਾਇਸੈਂਸ ਸਬੰਧੀ ਕੰਮ ਦੂਜੇ ਏਟੀਓ ਭੁਪਿੰਦਰ ਸਿੰਘ ਦੇਖ ਰਹੇ ਹਨ। ਏਟੀਓ ਨੇ ਕਿਹਾ ਕਿ ਆਰਟੀਏ ਸਕੱਤਰ ਵੱਲੋਂ ਦਿੱਤੇ ਆਦੇਸ਼ਾਂ ਮੁਤਾਬਕ ਉਨ੍ਹਾਂ ਕੋਲ ਸਿਰਫ਼ ਵਾਹਨਾਂ ਦੀ ਚੈਕਿੰਗ ਦਾ ਕੰਮ ਹੀ ਹੈ, ਇਸ ਲਈ ਉਹ ਉਨ੍ਹਾਂ ਦੀ ਕਿਸੇ ਪ੍ਰਕਾਰ ਦੀ ਮਦਦ ਕਰਨ ਵਿਚ ਅਸਮਰੱਥ ਹਨ।

——

ਲੁਧਿਆਣਾ ਵਿਚ ਦੋ ਦਿਨ ਦੇ ਵਾਧੂ ਚਾਰਜ ਮਿਲੇ ਏਟੀਓ ਨੂੰ ਸੌਂਪਿਆ ਗਿਆ ਡਰਾਈਵ ਟੈਸਟ ਸੈਂਟਰ ਦਾ ਕੰਮ

ਜ਼ਿਕਰਯੋਗ ਹੈ ਕਿ ਆਰਟੀਏ ਦਫ਼ਤਰ ਵਿਚ ਦੋ ਏਟੀਓਜ਼ ਤਾਇਨਾਤ ਕੀਤੇ ਗਏ ਹਨ, ਏਟੀਓ ਕੇਸਰ ਪਾਲ ਸਿੰਘ ਤੇ ਏਟੀਓ ਭੁਪਿੰਦਰ ਸਿੰਘ। ਮਿਲੀ ਜਾਣਕਾਰੀ ਮੁਤਾਬਕ ਆਰਟੀਏ ਸਕੱਤਰ ਵੱਲੋਂ ਏਟੀਓ ਕੇਸਰਪਾਲ ਦੀ ਡਿਊਟੀ ਕਮਰਸ਼ੀਅਲ ਵਾਹਨਾਂ ਦੀ ਚੈਕਿੰਗ 'ਤੇ ਲਗਾਈ ਗਈ ਹੈ ਤੇ ਏਟੀਓ ਭੁਪਿੰਦਰ ਸਿੰਘ ਦੀ ਡਿਊਟੀ ਲਾਇਸੈਂਸ ਸਬੰਧੀ ਕੰਮ ਦੇਖਣ ਲਈ ਡਰਾਈਵ ਟੈਸਟ ਸੈਂਟਰ 'ਤੇ ਲਗਾਈ ਗਈ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਏਟੀਓ ਕੇਸਰਪਾਲ ਸਿੰਘ ਦੀ ਹਫ਼ਤੇ ਵਿਚ ਪੰਜ ਦਿਨ ਡਿਊਟੀ ਹੋਣ 'ਤੇ ਉਨ੍ਹਾਂ ਨੂੰ ਚੈਕਿੰਗ 'ਤੇ ਲਗਾਇਆ ਗਿਆ ਹੈ, ਜਦਕਿ ਭੁਪਿੰਦਰ ਸਿੰਘ ਹਫ਼ਤੇ ਵਿਚ ਤਿੰਨ ਦਿਨ ਬਠਿੰਡੇ ਡਿਊਟੀ ਤੇ ਲੁਧਿਆਣੇ ਦਾ ਵਾਧੂ ਚਾਰਜ ਮਿਲਣ 'ਤੇ ਸਿਰਫ਼ ਦੋ ਦਿਨ ਵੀਰਵਾਰ ਤੇ ਸ਼ੁੱਕਰਵਾਰ ਲੁਧਿਆਣੇ ਵਿਖੇ ਡਿਊਟੀ ਕਰਦੇ ਹਨ।ਏਟੀਓ ਭੁਪਿੰਦਰ ਸਿੰਘ ਤਿੰਨ ਦਿਨ ਬਠਿੰਡੇ ਹੋਣ ਕਾਰਨ ਉਨ੍ਹਾਂ ਦੀ ਲਾਇਸੈਂਸਾਂ ਦੀ ਅਪਰੂਵਲ ਕਰਨ ਲਈ ਬਣਾਈ ਗਈ ਆਈਡੀ ਨਹੀਂ ਚੱਲਦੀ, ਜਦ ਕਿ ਵਿਭਾਗ ਵੱਲੋਂ ਦਿੱਤੇ ਗਏ ਦੋ ਦਿਨ ਵਿਚੋਂ ਵੀ ਕਈ ਵਾਰ ਉਨ੍ਹਾਂ ਦੇ ਕਿਸੇ ਕੰਮ ਕਾਰਨ ਲੁਧਿਆਣੇ ਨਾ ਆਉਣ 'ਤੇ ਲਾਇਸੈਸਾਂ ਦੀ ਡਾਕ 'ਤੇ ਦਸਤਖ਼ਤ ਰਹਿ ਜਾਣ 'ਤੇ ਬਿਨੈਕਾਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸ ਬਾਰੇ ਗੱਲ ਕਰਨ 'ਤੇ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਅਮਰਪਾਲ ਸਿੰਘ ਨੇ ਦੱਸਿਆ ਕਿ ਸਬੰਧਤ ਡਰਾਈਵ ਟੈਸਟ ਸੈਂਟਰ ਦੇ ਆਰਟੀਏ ਸਕੱਤਰ ਨਾਲ ਇਸ ਮਾਮਲੇ 'ਤੇ ਗੱਲ ਕਰ ਕੇ ਜਲਦ ਹੀ ਕੋਈ ਹੱਲ ਕੱਿਢਆ ਜਾਵੇਗਾ, ਤਾਂ ਜੋ ਬਿਨੈਕਾਰਾਂ ਨੂੰ ਲਾਇਸੈਂਸ ਬਣਵਾਉਣ ਵਿਚ ਆ ਰਹੀਆਂ ਪਰੇਸ਼ਾਨੀਆਂ ਤੋਂ ਰਾਹਤ ਦਿਵਾਈ ਜਾ ਸਕੇ।

--

-----