ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ : ਥਾਣਾ ਦਾਖਾ ਦੀ ਪੁਲਿਸ ਨੇ ਜ਼ਮੀਨੀ ਮਾਮਲੇ 'ਚ ਧੋਖਾਧੜੀ ਕਰਨ ਦੇ ਮਾਮਲੇ 'ਚ ਪਿਉ-ਪੁੱਤ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ਼ ਕੀਤਾ ਹੈ। ਮਾਮਲੇ ਦੀ ਪੜਤਾਲ ਕਰ ਰਹੇ ਏਐੱਸਆਈ ਇਕਬਾਲ ਸਿੰਘ ਨੇ ਦੱਸਿਆ ਪੁਲਿਸ ਦੇ ਉਚ ਅਧਿਕਾਰੀਆਂ ਕੋਲ ਸਿਮਰਨਜੀਤ ਸਿੰਘ ਵਾਸੀ ਕੋਹਿਨੂਰ ਪਾਰਕ ਬਾੜੇਵਾਲ ਅਵਾਨਾ (ਲੁਧਿਆਣਾ) ਵੱਲੋਂ ਇਕ ਲਿਖਤੀ ਸ਼ਿਕਾਇਤ ਦਿੱਤੀ ਸੀ, ਜਿਸ ਦੀ ਪੜਤਾਲ ਉਪਰੰਤ ਪਾਇਆ ਗਿਆ ਕਿ ਦਰਸ਼ਨ ਸਿੰਘ ਵਾਸੀ ਰੁੜਕਾ ਰੋਡ ਅੱਡਾ ਦਾਖਾ ਇਕ ਪਲਾਟ ਦੀ ਸਕਿਓਰਿਟੀ ਵਜੋਂ 20 ਲੱਖ ਰੁਪਏ ਹਾਸਲ ਕਰਕੇ ਆਪਣੇ ਲੜਕੇ ਜਸਵੀਰ ਸਿੰਘ ਉਰਫ ਬਿੱਟੂ ਥਿੰਦ ਤੇ ਗੁਰਜੀਤ ਸਿੰਘ ਵਾਸੀ ਈਸੇਵਾਲ ਨਾਲ ਮਿਲੀ ਭੁਗਤ ਕਰਕੇ ਉਕਤ ਪਲਾਟ ਦੀ ਰਜਿਸਟਰੀ ਕਿਸੇ ਹੋਰ ਦੇ ਨਾਮ 'ਤੇ ਕਰਵਾ ਦਿੱਤੀ। ਪੁਲਿਸ ਨੇ ਤਿੰਨਾਂ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਕਾਬੂ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।