ਅਮਨਪ੍ਰੀਤ ਸਿੰਘ ਚੌਹਾਨ, ਲੁਧਿਆਣਾ : ਮਿੰਨੀ ਸਕੱਤਰੇਤ ਚੌਕ ਵਿਖੇ ਇਕੱਠੇ ਹੋਏ ਵਕੀਲ ਭਾਈਚਾਰੇ ਨੇ ਐੱਸਟੀਐੱਫ ਦੇ ਇੰਚਾਰਜ ਐੱਸਐੱਚਓ ਹਰਬੰਸ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰਦਿਆਂ ਰੋਡ ਜਾਮ ਕਰ ਦਿੱਤਾ ਤੇ ਮਿੰਨੀ ਸਕੱਤਰੇਤ ਦੇ ਅੰਦਰ ਦਾਖ਼ਲ ਹੋਣ ਵਾਲੇ ਦੋਵੇਂ ਮੁੱਖ ਦਰਵਾਜ਼ਿਆਂ ਨੂੰ ਬੰਦ ਕਰ ਆਵਾਜਾਈ ਨੂੰ ਵੀ ਰੋਕ ਦਿੱਤਾ। ਸਮੂਹ ਵਕੀਲ ਭਾਈਚਾਰੇ ਨੇ ਉਕਤ ਐੱਸਐੱਚਓ ਵੱਲੋਂ ਵਕੀਲ ਵਰੁਣ ਗੁਪਤਾ ਦੇ ਥੱਪੜ ਮਾਰਨ ਤੇ ਬਦਸਲੂਕੀ ਕਰਨ ਦੇ ਲਾਏ ਗਏ ਦੋਸ਼ਾਂ ਤਹਿਤ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਇਸ ਦੌਰਾਨ ਕੁਝ ਸਮੇਂ 'ਤੇ ਪਹੁੰਚੇ ਡੀਸੀਪੀ ਅਸ਼ਵਨੀ ਕਪੂਰ ਨੇ ਵਕੀਲ ਭਾਈਚਾਰੇ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਉਨ੍ਹਾਂ ਨੂੰ ਲਿਖਿਤ 'ਚ ਸ਼ਿਕਾਇਤ ਦੇਣ ਜਿਸ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਪਰ ਮੌਕੇ 'ਤੇ ਹੀ ਵਕੀਲ ਭਾਈਚਾਰੇ ਨੇ ਪੁਲਿਸ ਪ੍ਰਸ਼ਾਸਨ ਨੂੰ ਤੁਰੰਤ ਪਰਚਾ ਦਰਜ ਕਰਨ ਦੀ ਮੰਗ ਰੱਖੀ। ਜਦਕਿ ਡੀਸੀਪੀ ਦੇ ਕਈ ਵਾਰ ਕਹਿਣ 'ਤੇ ਵੀ ਵਕੀਲ ਭਾਈਚਾਰੇ ਨੇ ਉਨ੍ਹਾਂ ਨੂੰ ਮਿੰਨੀ ਸਕੱਤਰ ਦੇ ਦਰਵਾਜ਼ੇ ਖੋਲ੍ਹਣ ਨਹੀਂ ਦਿੱਤੇ। ਡੀਸੀਪੀ ਦੀ ਗੱਲ ਨਾਲ ਸਹਿਮਤੀ ਨਾ ਕਰਦੇ ਹੋਏ ਭੜਕੇ ਸਮੂਹ ਵਕੀਲਾਂ ਨੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਡੀਸੀਪੀ ਵੀ ਉੱਥੋਂ ਵਾਪਸ ਚਲੇ ਗਏ।

ਜਦਕਿ ਇਸ ਤੋਂ ਪਹਿਲਾਂ ਪਹੁੰਚੇ ਏਸੀਪੀ ਟ੍ਰੈਫਿਕ ਗੁਰਦੇਵ ਸਿੰਘ ਨੇ ਵੀ ਸੀਨੀਅਰ ਵਕੀਲਾਂ ਨਾਲ ਗੱਲਬਾਤ ਕਰ ਫਿਰੋਜ਼ਪੁਰ ਰੋਡ 'ਤੇ ਲੱਗੇ ਜਾਮ ਕਾਰਨ ਵਾਹਨ ਚਾਲਕਾਂ ਤੇ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ ਤੋਂ ਰਾਹਤ ਦਿਵਾਉਣ ਵਾਸਤੇ ਧਰਨਾ ਹਟਾਉਣ ਲਈ ਕਿਹਾ। ਜਿਸ 'ਤੇ ਕੁੱਝ ਵਕੀਲਾਂ ਨੇ ਸਹਿਮਤੀ ਜਤਾਈ ਪਰ ਨੌਜਵਾਨ ਵਰਗ ਦੇ ਵਕੀਲਾਂ ਧਰਨਾ ਨਾ ਹਟਾਉਣ ਦੀ ਜ਼ਿੱਦ 'ਤੇ ਅੜੇ ਰਹੇ ਤੇ ਵਕੀਲਾਂ ਵੱਲੋਂ ਧਰਨਾ ਜਾਰੀ ਹੈ।

Posted By: Amita Verma