ਕੁਲਵਿੰਦਰ ਸਿੰਘ ਰਾਏ, ਖੰਨਾ : ਸੋਸ਼ਲ ਮੀਡੀਆ 'ਤੇ ਵਕੀਲਾਂ ਦੇ ਅਕਸ ਨੂੰ ਖ਼ਰਾਬ ਕਰਨ ਵਾਲਿਆਂ ਖ਼ਿਲਾਫ਼ ਬਾਰ ਐਸੋਸੀਏਸ਼ਨ ਖੰਨਾ ਦੇ ਵਕੀਲਾਂ ਨੇ ਸਖ਼ਤੀ ਨਾਲ ਨਿਪਟਣ ਦਾ ਨਿਰਣਾ ਕੀਤਾ ਹੈ। ਇਹ ਫ਼ੈਸਲਾ ਬਾਰ ਐਸੋਸੀਏਸ਼ਨ ਖੰਨਾ ਵਲੋਂ ਪ੍ਰਧਾਨ ਐਡਵੇਕੇਟ ਸੁਮਿਤ ਲੂਥਰਾ ਦੀ ਅਗਵਾਈ 'ਚ ਕੀਤੀ ਮੀਟਿੰਗ ਦੌਰਾਨ ਕੀਤਾ ਗਿਆ। ਲੂਥਰਾ ਨੇ ਕਿਹਾ ਪਿਛਲੇ ਕੁਝ ਸਮੇਂ ਤੋਂ ਅਸਮਾਜਿਕ ਤੱਤ ਕਾਨੂੰਨ ਦੇ ਰਖਵਾਲੇ ਵਕੀਲਾਂ ਦੇ ਅਕਸ ਨੂੰ ਖਰਾਬ ਕਰਨ ਦੇ ਉਦੇਸ਼ ਨਾਲ ਸੋਸ਼ਲ ਮੀਡੀਆ ਦਾ ਗ਼ਲਤ ਸਹਾਰਾ ਲੈ ਕੇ ਗਲਤ ਪੋਸਟਾਂ ਪਾ ਕੇ ਲੋਕਾਂ ਨੂੰ ਗੁਮਰਾਹ ਕਰਨ ਦੇ ਨਾਲ ਨਾਲ ਵਕੀਲਾਂ ਨੂੰ ਵੀ ਬਲੈਕਮੇਲ ਕਰਨ ਦਾ ਕੰਮ ਕਰ ਰਹੇ ਹਨ।
ਇਸ ਦੇ ਖ਼ਿਲਾਫ਼ ਵਕੀਲਾਂ ਵਲੋਂ ਸਖਤ ਐਕਸ਼ਨ ਲਿਆ ਜਾਵੇਗਾ। ਲੂਥਰਾ ਨੇ ਦੱਸਿਆ ਜਿੱਥੇ ਉਨ੍ਹਾਂ ਦੀ ਅਗਵਾਈ 'ਚ ਐਸੋਸੀਏਸ਼ਨ ਦੇ ਸਾਰੇ ਅਹੁਦੇਦਾਰ ਤੇ ਮੈਂਬਰ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਤਿਆਰ ਰਹਿੰਦੇ ਹਨ, ਉਥੇ ਸਮਾਜ 'ਚ ਕੁੱਝ ਮਾੜੀ ਬਿਰਤੀ ਵਾਲੇ ਲੋਕ ਉਨ੍ਹਾਂ ਦੇ ਕੰਮਾਂ ਦੇ ਨਾਲ-ਨਾਲ ਉਨਾਂ੍ਹ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਦੀ ਤਿਆਰੀ ਕਰ ਰਹੇ ਹਨ, ਜੋ ਕਿ ਨਿੰਦਣਯੋਗ ਹੈ। ਅਜਿਹੇ ਲੋਕਾਂ ਦੀਆਂ ਗੁਮਰਾਹਕੁੰਨ ਗੱਲਾਂ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਲੋਕਾਂ ਖ਼ਿਲਾਫ਼ ਬਣਦੀ ਕਾਨੂੰਨੀ ਚਾਰਾਜੋਈ ਕੀਤੀ ਜਾਵੇਗੀ। ਇਸ ਮੌਕੇ ਬਾਰ ਐਸੋਸ਼ੀਏਸ਼ਨ ਦੇ ਮੀਤ ਪ੍ਰਧਾਨ ਹਰਦੀਪ ਸਿੰਘ, ਜਨਰਲ ਸਕੱਤਰ ਰਵੀ ਕੁਮਾਰ, ਸੰਯੁਕਤ ਸਕੱਤਰ ਇਸ਼ਾਨ ਥੰਮਣ, ਮਾਲਵਿੰਦਰ ਸਿੰਘ ਆਦਿ ਹਾਜ਼ਰ ਸਨ।