ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਲੁਧਿਆਣਾ ਦੇ ਸਪੈਸ਼ਲ ਟਾਸਕ ਫੋਰਸ ਨੇ ਦੋ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 20.8 ਕਿੱਲੋ ਆਈਸ (ਐਮਫੇਟਾਮਾਈਨ) ਬਰਾਮਦ ਕੀਤੀ ਹੈ। ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ 208 ਕਰੋੜ ਦੱਸੀ ਜਾ ਰਹੀ ਹੈ।

ਐੱਸਟੀਐੱਫ ਦੇ ਏਆਈਜੀ ਸਨੇਹਦੀਪ ਸ਼ਰਮਾ ਅਤੇ ਐੱਸਟੀ ਦੇ ਲੁਧਿਆਣਾ ਮੁਖੀ ਹਰਬੰਸ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੁਨੇਤ ਦੇ ਵਾਸੀ ਹਰਪ੍ਰੀਤ ਸਿੰਘ ਬੌਬੀ (40) ਅਤੇ ਅੰਬੇਦਕਰ ਨਗਰ ਦੇ ਰਹਿਣ ਵਾਲੇ ਅਰਜੁਨ (26) ਵਜੋਂ ਹੋਈ ਹੈ। ਐੱਸਟੀਐੱਫ ਦੀ ਟੀਮ ਕੇਸ ਦੇ ਮੁਖ ਮੁਲਜ਼ਮ ਜਵਾਹਰ ਨਗਰ ਕੈਂਪ ਦੇ ਵਾਸੀ ਵਿਸ਼ਾਲ ਉਰਫ਼ ਵਿਨੈ ਦੀ ਤਲਾਸ਼ ਕਰਨ ਵਿੱਚ ਜੁਟ ਗਈ ਹੈ।

ਏਆਈਜੀ ਸਨੇਹਦੀਪ ਸ਼ਰਮਾ ਅਤੇ ਐੱਸਟੀਐੱਫ ਦੇ ਲੁਧਿਆਣਾ ਮੁਖੀ ਹਰਬੰਸ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਵਿਸ਼ਾਲ ਲੰਬੇ ਸਮੇਂ ਤੋਂ ਆਈਸ ਦੀ ਤਸਕਰੀ ਕਰ ਰਿਹਾ ਹੈ। ਗਾਹਕਾਂ ਨੂੰ ਨਸ਼ੀਲਾ ਪਦਾਰਥ ਸਪਲਾਈ ਕਰਨ ਲਈ ਹਰਪ੍ਰੀਤ ਅਤੇ ਅਰਜੁਨ ਜਾਂਦੇ ਸਨ। ਐੱਸਟੀਐੱਫ ਦੀ ਟੀਮ ਨੂੰ ਭਰੋਸੇਯੋਗ ਸੂਤਰਾਂ ਕੋਲੋਂ ਜਾਣਕਾਰੀ ਮਿਲੀ ਕਿ ਮੁਲਜ਼ਮ ਹਰਪ੍ਰੀਤ ਅਤੇ ਅਰਜੁਨ ਮੋਟਰਸਾਇਕਲ ਤੇ ਸਵਾਰ ਹੋ ਕੇ ਫਿਰ ਤੋਂ ਗਾਹਕਾਂ ਨੂੰ ਨਸ਼ੱਈ ਨਸ਼ਾ ਸਪਲਾਈ ਕਰਨ ਜਾ ਰਹੇ ਹਨ। ਜਾਣਕਾਰੀ ਤੋਂ ਬਾਅਦ ਇੰਸਪੈਕਟਰ ਹਰਬੰਸ ਸਿੰਘ ਨੇ ਨਾਕਾਬੰਦੀ ਕਰ ਕੇ ਮੋਟਰਸਾਈਕਲ ਸਵਾਰ ਦੋਵਾਂ ਮੁਲਜ਼ਮਾਂ ਨੂੰ ਰੋਕਿਆ। ਸ਼ੁਰੂਆਤ ਤਫ਼ਤੀਸ਼ ਦੇ ਦੌਰਾਨ ਉਨ੍ਹਾਂ ਕੋਲੋਂ 2 ਕਿੱਲੋ ਆਈਸ ਬਰਾਮਦ ਕੀਤੀ ਗਈ।

ਪੁੱਛਗਿੱਛ ਤੋਂ ਬਾਅਦ ਵਿਸ਼ਾਲ ਦੇ ਘਰ ਮਾਰਿਆ ਛਾਪਾ

ਐੱਸਟੀਐੱਫ ਦੀ ਟੀਮ ਨੇ ਜਦ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਵੱਲੋਂ ਕੀਤੇ ਗਏ ਖ਼ੁਲਾਸੇ ਤੋਂ ਬਾਅਦ ਪੁਲਿਸ ਨੇ ਮੁੱਖ ਮੁਲਜ਼ਮ ਵਿਸ਼ਾਲ ਦੇ ਘਰ ਛਾਪਾਮਾਰੀ ਕਰ ਕੇ 18.8 ਕਿੱਲੋ ਹੋਰ ਆਈਸ ਬਰਾਮਦ ਕੀਤੀ ।

ਜ਼ਮਾਨਤ ਤੇ ਬਾਹਰ ਆਉਣ ਤੋਂ ਬਾਅਦ ਦੇਣ ਲੱਗ ਪਏ ਆਈਸ ਦੀ ਡਲਿਵਰੀ

ਪੁੱਛਗਿੱਛ ਦੇ ਦੌਰਾਨ ਮੁਲਜ਼ਮ ਹਰਪ੍ਰੀਤ ਨੇ ਦੱਸਿਆ ਕਿ ਉਹ ਪੇਸ਼ੇ ਤੋਂ ਡਰਾਈਵਰ ਹੈ। ਉਹ ਇਸ ਸਾਲ ਅਪ੍ਰੈਲ 'ਚ ਨਸ਼ੇ ਦੇ ਮਾਮਲੇ 'ਚ ਜੇਲ ਤੋਂ ਜ਼ਮਾਨਤ 'ਤੇ ਬਾਹਰ ਆਇਆ ਸੀ। ਹਰਪ੍ਰੀਤ ਅਤੇ ਅਰਜੁਨ ਮਿਲ ਕੇ ਵਿਸ਼ਾਲ ਦੇ ਗਾਹਕਾਂ ਨੂੰ ਆਈਸ ਦੀ ਡਿਲੀਵਰੀ ਕਰਨੀ ਦੇਣ ਲੱਗ ਪਏ। ਮੁਲਜ਼ਮਾਂ ਨੇ ਦੱਸਿਆ ਕਿ ਵਿਸ਼ਾਲ ਉਨ੍ਹਾਂ ਨੂੰ ਤਸਕਰੀ ਦੇ ਬਦਲੇ ਮੋਟੇ ਰੁਪਈਏ ਦਿੰਦਾ ਸੀ।

ਪਾਰਟੀਆਂ ਵਿੱਚ ਹੁੰਦੀ ਸੀ ਨਸ਼ੇ ਦੀ ਖਪਤ

ਜਾਣਕਾਰੀ ਦਿੰਦਿਆਂ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਮੁੱਢਲੀ ਜਾਂਚ ਦੇ ਦੌਰਾਨ ਪਤਾ ਲੱਗਾ ਹੈ ਕਿ ਇਸ ਮਹਿੰਗੇ ਨਸ਼ੇ ਦੀ ਖਪਤ ਵੱਡੀਆਂ ਪਾਰਟੀਆਂ ਵਿੱਚ ਕੀਤੀ ਜਾਂਦੀ ਸੀ। ਪੁਲਿਸ ਇਸ ਮਾਮਲੇ ਵਿੱਚ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰਕੇ ਹੋਰ ਮੁਲਜ਼ਮਾਂ ਬਾਰੇ ਪੜਤਾਲ ਕਰ ਰਹੀ ਹੈ। ਐੱਸਟੀਐੱਫ਼ ਦੇ ਇੰਚਾਰਜ ਹਰਬੰਸ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਜਲਦੀ ਹੀ ਵਿਸ਼ਾਲ ਨੂੰ ਵੀ ਗ੍ਰਿਫ਼ਤਾਰ ਕਰ ਲਵੇਗੀ।

Posted By: Jagjit Singh