ਸੁਸ਼ੀਲ ਕੁਮਾਰ ਸ਼ਸ਼ੀ ,ਲੁਧਿਆਣਾ : ਸਪੈਸ਼ਲ ਟਾਸਕ ਫੋਰਸ ਦੀ ਟੀਮ ਨੇ ਹੈਰੋਇਨ ਦੇ ਵੱਡੇ ਤਸਕਰ ਨੂੰ ਕਾਬੂ ਕਰਕੇ ਉਸ ਕਬਜ਼ੇ 'ਚੋਂ 2.05 ਕਿਲੋ ਹੈਰੋਇਨ, 8 ਲੱਖ ਦੀ ਡਰੱਗ ਮਨੀ, 8 ਲਗਜ਼ਰੀ ਕਾਰਾਂ ਤੇ 6 ਦੋ ਪਹੀਆ ਵਾਹਨ ਬਰਾਮਦ ਕੀਤੇ ਹਨ। ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 10 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ।

ਜਾਣਕਾਰੀ ਦਿੰਦਿਆਂ ਐੱਸਟੀਐੱਫ ਦੇ ਲੁਧਿਆਣਾ ਮੁਖੀ ਹਰਬੰਸ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਆਕਾਸ਼ ਚੋਪੜਾ ਉਰਫ ਹਨੀ (31) ਵਾਸੀ ਗੁਰਮੇਲ ਪਾਰਕ, ​​ਟਿੱਬਾ ਰੋਡ ਵਜੋਂ ਹੋਈ ਹੈ। ਹਰਬੰਸ ਸਿੰਘ ਦੇ ਮੁਤਾਬਕ ਮੁਲਜ਼ਮ ਦੇ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।

ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਵਿਅਕਤੀ ਜੋ ਪਹਿਲਾਂ ਵੀ ਨਸ਼ਾ ਤਸਕਰੀ ਅਤੇ ਹੋਰ ਅਪਰਾਧਾਂ ਦੇ ਕਈ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ, ਨੇ ਨਸ਼ਾ ਵੇਚਣ ਦੀ ਕਮਾਈ ਨਾਲ ਕਈ ਲਗਜ਼ਰੀ ਕਾਰਾਂ ਦੋ ਪਹੀਆ ਵਾਹਨ ਅਤੇ ਜਾਇਦਾਦਾਂ ਖਰੀਦੀਆਂ ਹਨ। ਪੁਲਿਸ ਨੂੰ ਇਹ ਵੀ ਪਤਾ ਲਗਾ ਕਿ ਅੱਜ ਵੀ ਮੁਲਜਮ ਆਪਣੇ ਸਕੂਟਰ (ਪੀਬੀ 91ਪੀ5302) 'ਤੇ ਸਵਾਰ ਹੋ ਕੇ ਤਾਜਪੁਰ ਰੋਡ ਤੋਂ ਵਰਧਮਾਨ ਵੱਲ ਆਪਣੇ ਗ੍ਰਾਹਕਾਂ ਨੂੰ ਵੱਡੀ ਮਾਤਰਾ 'ਚ ਹੈਰੋਇਨ ਦੇਣ ਜਾ ਰਿਹਾ ਹੈ।

ਜਾਣਕਾਰੀ ਤੋਂ ਬਾਅਦ ਐੱਸਟੀਐੱਫ ਦੀ ਟੀਮ ਨੇ ਨਾਕਾ ਲਾ ਕੇ ਮੁਲਜ਼ਮ ਨੂੰ ਗਲਾਡਾ ਕਮਿਊਨਿਟੀ ਕਲੱਬ ਸੈਕਟਰ 39 ਦੇ ਲਾਗਿਓਂ ਕਾਬੂ ਕਰ ਲਿਆ। ਸਕੂਟਰ ਦੀ ਡਿੱਕੀ ਦੀ ਚੈਕਿੰਗ ਦੌਰਾਨ 1.250 ਕਿਲੋ ਹੈਰੋਇਨ ਬਰਾਮਦ ਹੋਈ। ਬਾਅਦ 'ਚ ਉਸ ਦੇ ਖ਼ੁਲਾਸੇ 'ਤੇ ਉਸ ਦੇ ਘਰ 'ਤੇ ਛਾਪੇਮਾਰੀ ਕੀਤੀ ਗਈ, ਜਿੱਥੋਂ 800 ਗ੍ਰਾਮ ਹੋਰ ਹੈਰੋਇਨ, 8 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਹੋਈ।

ਇੰਸਪੈਕਟਰ ਹਰਬੰਸ ਨੇ ਦੱਸਿਆ ਕਿ ਇਸ ਤੋਂ ਇਲਾਵਾ ਅੱਠ ਕਾਰਾਂ ਜਿਨ੍ਹਾਂ ਵਿੱਚ ਮਰਸੀਡੀਜ਼, ਟੋਇਟਾ ਫਾਰਚੂਨਰ, ਲੈਂਸਰ ਸ਼ਾਮਲ ਹਨ ਅਤੇ ਤਿੰਨ ਮੋਟਰਸਾਈਕਲ, ਤਿੰਨ ਸਕੂਟਰ ਵੀ ਜ਼ਬਤ ਕੀਤੇ ਗਏ ਹਨ। ਐੱਸਟੀਐੱਫ ਦੀ ਟੀਮ ਨੇ ਦੱਸਿਆ ਕਿ ਮੁਲਜ਼ਮ ਨੇ ਸਮੱਗਲਰ ਵੱਲੋਂ ਨਸ਼ੀਲੇ ਪਦਾਰਥਾਂ ਦੀ ਵਿਕਰੀ ਤੋਂ ਹੋਣ ਵਾਲੀ ਕਮਾਈ ਦੀ ਰਕਮ ਨਾਲ ਹੀ ਇਹ ਵਾਹਨ ਖਰੀਦੇ ਸਨ।

ਕਾਰਾਂ 'ਤੇ ਲਾਏ ਸਨ ਹੂਟਰ

ਪੁਲਿਸ ਅਧਿਕਾਰੀ ਨੇ ਖ਼ੁਲਾਸਾ ਕੀਤਾ ਕਿ ਮੁਲਜ਼ਮ ਨੇ ਆਪਣੀਆਂ ਜ਼ਿਆਦਾਤਰ ਕਾਰਾਂ ਦੇ ਸ਼ੀਸ਼ੇ ਕਾਲੇ ਕੀਤੇ ਹੋਏ ਸਨ ਅਤੇ ਆਪਣੀਆਂ ਕਾਰਾਂ ਵਿੱਚ ਪੁਲਿਸ ਦੇ ਹੂਟਰ ਵੀ ਲਗਾਏ ਹੋਏ ਸਨ। ਇੱਥੋਂ ਤੱਕ ਕਿ ਉਹ ਆਪਣੀ ਜਿਪਸੀ 'ਤੇ ਵੀਆਈਪੀ ਸਟਿੱਕਰ ਦੀ ਵਰਤੋਂ ਕਰ ਰਿਹਾ ਸੀ ਤਾਂ ਜੋ ਪੁਲਿਸ ਉਸ ਦੇ ਪ੍ਰਭਾਵ ਹੇਠ ਆ ਸਕੇ । ਮੁਲਜ਼ਮ ਦੇ ਦੋਵਾਂ ਭਰਾਵਾਂ ਤੇ ਪਹਿਲਾਂ ਤੋਂ ਹੀ ਅਸਲਾ ਐਕਟ ਅਤੇ ਇਰਾਦਾ ਕਤਲ ਦੇ ਕੇਸ ਦਰਜ ਹਨ।

ਕੁਝ ਸਾਲ ਪਹਿਲਾਂ ਪਿਤਾ ਨਾਲ ਵੇਚਦਾ ਸੀ ਚਾਹ

ਤਫਤੀਸ਼ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਪਿਛਲੇ ਸੱਤ ਸਾਲ ਤੋਂ ਹੈਰੋਇਨ ਦੀ ਤਸਕਰੀ ਕਰ ਰਿਹਾ ਹੈ। ਕਈ ਸਾਲ ਪਹਿਲੋਂ ਉਹ ਆਪਣੇ ਪਿਤਾ ਦੇ ਨਾਲ ਕਚਹਿਰੀ ਵਿੱਚ ਚਾਹ ਦਾ ਕੰਮ ਕਰਦਾ ਸੀ। ਮਾੜੀ ਸੰਗਤ ਵਿੱਚ ਪੈਣ ਕਾਰਨ ਉਹ ਹੈਰੋਇਨ ਦੀ ਤਸਕਰੀ ਕਰਨ ਲੱਗ ਪਿਆ। ਮਾੜੀ ਸੰਗਤ ਦੇ ਚਲਦੇ ਹੀ ਪਰਿਵਾਰ ਨੇ ਉਸਨੂੰ ਪਤਨੀ ਸਮੇਤ ਘਰ ਤੋਂ ਬੇਦਖਲ ਕਰ ਦਿੱਤਾ ਸੀ। ਪੁਲਿਸ ਦੇ ਮੁਤਾਬਕ ਮੁਲਜ਼ਮ ਦੇ ਖਿਲਾਫ ਵੀ ਕਈ ਮੁਕੱਦਮੇ ਦਰਜ ਹਨ।

Posted By: Jagjit Singh