ਕੁਲਵਿੰਦਰ ਸਿੰਘ ਵਿਰਦੀ, ਸਿੱਧਵਾਂ ਬੇਟ : ਸਤਲੁਜ ਦਰਿਆ ਕੰਢੇ ਨਾਲ ਲੱਗਦੇ ਪਿੰਡਾਂ 'ਚ ਨਾਜਾਇਜ਼ ਸ਼ਰਾਬ ਕੱਢਣ ਦੇ ਕਾਰੋਬਾਰ ਨੂੰ ਸਿੱਧਵਾਂ ਬੇਟ ਪੁਲਿਸ ਨੇ ਸੰਨ੍ਹ ਲਗਾਉਂਦਿਆਂ ਸਾਢੇ 23 ਹਜ਼ਾਰ ਲੀਟਰ ਲਾਹਣ ਬਰਾਮਦ ਕੀਤਾ। ਡੀਐੱਸਪੀ ਗੁਰਦੀਪ ਸਿੰਘ ਗੋਸਲ ਦੀ ਨਿਗਰਾਨੀ ਹੇਠ, ਥਾਣਾ ਸਿੱਧਵਾਂ ਬੇਟ ਦੇ ਮੁਖੀ ਇੰਸਪੈਕਟਰ ਰਾਜੇਸ਼ ਠਾਕਰ ਦੀ ਅਗਵਾਈ ਵਿਚ ਪੁਲਿਸ ਪਾਰਟੀ ਵੱਲੋਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸ਼ਰਾਬ ਤਸਕਰਾਂ 'ਤੇ ਕਸੇ ਸ਼ਿਕੰਜੇ ਦੀ ਮੁਹਿੰਮ ਤਹਿਤ ਅੱਜ ਫਿਰ ਪੁਲਿਸ ਪਾਰਟੀ ਸਮੇਤ ਸਤਲੁਜ ਦਰਿਆ ਲਾਗਲੇ ਪਿੰਡ ਬਾਘੀਆਂ ਵਿਖੇ ਛਾਪਾਮਾਰੀ ਕੀਤੀ। ਪੁਲਿਸ ਦੀ ਇਸ ਛਾਪਾਮਾਰੀ ਦੌਰਾਨ ਚਾਹੇ ਸ਼ਰਾਬ ਕੱਢਦੇ ਤਸਕਰ ਤਾਂ ਕਾਬੂ ਨਹੀਂ ਆਏ ਪਰ ਇਸ ਛਾਪੇਮਾਰੀ ਦੌਰਾਣ ਦਰਿਆ ਖੇਤਰ ਵਿੱਚੋਂ 23500 ਲੀਟਰ ਲਾਹਣ ਬਰਾਮਦ ਹੋਇਆ। ਇਹ ਲਾਹਣ ਤਸਕਰਾਂ ਵੱਲੋਂ ਕਈ ਥਾਵਾਂ ਤੇ ਜ਼ਮੀਨ ਪੁੱਟ ਕੇ ਹੇਠਾਂ ਰੱਖਿਆ ਹੋਇਆ ਸੀ। ਪੁਲਿਸ ਟੀਮਾਂ ਨੇ ਪਲਾਸਟਿਕ ਦੇ ਲਿਫਾਫਿਆਂ ਵਿਚੋਂ ਲਾਹਣ ਕੱਢ ਕੇ ਮੌਕੇ ਤੇ ਹੀ ਨਸ਼ਟ ਕੀਤਾ। ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਠਾਕਰ ਅਨੁਸਾਰ ਇਹ ਸ਼ਰਾਬ ਬਨਾਉਣ ਵਾਲੇ ਤਸਕਰਾਂ ਦਾ ਵੀ ਪਤਾ ਲਗਾ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਟੀਮਾਂ ਕੰਮ ਕਰ ਰਹੀਆਂ ਹਨ , ਜਿਨ੍ਹਾਂ ਨੂੰ ਜਲਦੀ ਹੀ ਕਾਮਯਾਬੀ ਮਿਲੇਗੀ। ਉਨ੍ਹਾਂ ਦੱਸਿਆ ਕਿ ਉਕਤ ਬਰਾਮਦਗੀ ਮਾਮਲੇ 'ਚ ਅਣਪਛਾਤੇ ਤਸਕਰਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।

Posted By: Susheel Khanna