ਸੁਸ਼ੀਲ ਕੁਮਾਰ ਸ਼ਸ਼ੀ,ਲੁਧਿਆਣਾ : ਬੇਟੀ ਦੇ ਜਨਮ ਤੋਂ ਬਾਅਦ ਸਹੁਰਾ ਪਰਿਵਾਰ ਵਿਆਹੁਤਾ ਤੋਂ ਇਸ ਕਦਰ ਖਫ਼ਾ ਹੋ ਗਿਆ ਕਿ ਉਸ ਨੂੰ ਪਰਿਵਾਰ ਕੋਲੋਂ ਮਿਹਣੇ ਮਿਲਣ ਲੱਗ ਪਏ। ਹਰ ਰੋਜ਼ ਦੇ ਮਿਹਣਿਆਂ ਤੋਂ ਮੁਟਿਆਰ ਇਸ ਕਦਰ ਪਰੇਸ਼ਾਨ ਹੋ ਗਈ ਕਿ ਉਸ ਨੇ ਪੱਖੇ ਨਾਲ ਫਾਹਾ ਲਗਾਕੇ ਖੁਦਕੁਸ਼ੀ ਕਰ ਲਈ। ਇਸ ਮਾਮਲੇ ਵਿੱਚ ਥਾਣਾ ਟਿੱਬਾ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਮਿ੍ਤਕਾ ਪੂਰਵਾ(24) ਦੀ ਮਾਤਾ ਰਾਜ ਰਾਣੀ ਦੇ ਬਿਆਨਾਂ ਉਪਰ ਨਿਊ ਪੁਨੀਤ ਨਗਰ ਦੇ ਵਾਸੀ ਪੂਰਵਾ ਦੇ ਪਤੀ ਪੰਕਜ ਅਰੋੜਾ ਅਤੇ ਉਸ ਦੀ ਸੱਸ ਸੁਨੀਤਾ ਦੇਵੀ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।

ਪੁਲਿਸ ਨੂੰ ਜਾਣਕਾਰੀ ਦਿੰਦਿਆਂ ਦਿੱਲੀ ਦੀ ਰਹਿਣ ਵਾਲੀ ਰਾਜ ਰਾਣੀ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਨ੍ਹਾਂ ਨੇ ਆਪਣੀ ਬੇਟੀ ਪੂਰਵਾ ਦਾ ਵਿਆਹ ਪੰਕਜ ਨਾਲ ਕੀਤਾ ਸੀ। ਵਿਆਹ ਤੋਂ ਸਹੁਰੇ ਪਰਿਵਾਰ ਦੇ ਮੈਂਬਰ ਪੂਰਵਾ ਕੋਲੋਂ ਬੇਟਾ ਚਾਹੁੰਦੇ ਸਨ,ਪਰ 20 ਫਰਵਰੀ ਨੂੰ ਪੂਰਵਾ ਨੇ ਇਕ ਧੀ ਨੂੰ ਜਨਮ ਦਿੱਤਾ। ਬੇਟੀ ਦੇ ਜਨਮ ਤੋਂ ਬਾਅਦ ਹੀ ਪੂਰਵਾ ਨੂੰ ਮਿਹਣੇ ਮਿਲਣੇ ਸ਼ੁਰੂ ਹੋ ਗਏ। ਹਰ ਰੋਜ਼ ਉਸ ਨੂੰ ਦਿਮਾਗੀ ਅਤੇ ਸਰੀਰਕ ਤੌਰ 'ਤੇ ਤੰਗ ਕੀਤਾ ਜਾਣ ਲੱਗ ਪਿਆ। ਪੂਰਵਾ ਇਸ ਕਦਰ ਪਰੇਸ਼ਾਨ ਹੋ ਗਈ ਕਿ ਉਸ ਨੇ ਆਪਣੇ ਸਹੁਰਿਆਂ ਦੇ ਘਰ ਵਿੱਚ ਪੱਖੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਸੁਖਦੇਵ ਰਾਜ ਦਾ ਕਹਿਣਾ ਹੈ ਕਿ ਮੁਲਜਮ ਅਜੇ ਤੱਕ ਪੁਲਿਸ ਦੀ ਗਿਰਫਤ ਚੋਂ ਬਾਹਰ ਹਨ ਉਨ੍ਹਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

Posted By: Tejinder Thind