ਸਤਵਿੰਦਰ ਸ਼ਰਮਾ, ਲੁਧਿਆਣਾ : ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਸਰਪ੍ਰਸਤ ਜਥੇਦਾਰ ਬਲਵਿੰਦਰ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਤੇ ਪਾਰਟੀ ਦੇ ਜਨਰਲ ਸਕੱਤਰ ਰਣਧੀਰ ਸਿੰਘ ਸਿਵੀਆ ਦੀ ਅਗਵਾਈ ਹੇਠ ਵਪਾਰੀਆਂ ਤੇ ਮਜ਼ਦੂਰਾਂ ਦਾ ਵੱਡਾ ਜਥਾ 24 ਅਪ੍ਰਰੈਲ ਨੂੰ ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਲਈ ਸਿੰਘੂ ਬਾਰਡਰ ਲਈ ਰਵਾਨਾ ਹੋਵੇਗਾ।

ਇਸ ਸਬੰਧੀ ਐਲਾਨ ਕਰਦੇ ਹੋਏ ਰਣਧੀਰ ਸਿੰਘ ਸਿਵੀਆ ਨੇ ਦੱਸਿਆ ਕਿ ਵਾਢੀ ਦਾ ਸੀਜ਼ਨ ਹੋਣ ਕਾਰਨ ਵੱਡੀ ਗਿਣਤੀ ਵਿਚ ਕਿਸਾਨ ਕਣਕ ਨੂੰ ਸੰਭਾਲਣ ਲਈ ਆਪਣੇ ਪਿੰਡਾਂ ਨੂੰ ਆਏ ਹੋਏ ਹਨ ਅਤੇ ਦਿੱਲੀ ਬਾਰਡਰਾਂ 'ਤੇ ਕਿਸਾਨ ਸੰਘਰਸ਼ 'ਚ ਗਿਣਤੀ ਘੱਟ ਗਈ ਹੈ, ਜਿਸ ਦਾ ਮੌਕਾ ਉਠਾਉਣ ਲਈ ਕੇਂਦਰ ਸਰਕਾਰ ਆਪੇ੍ਸ਼ਨ ਕਲੀਨ ਰਾਂਹੀ ਧੱਕੇ ਨਾਲ ਕਿਸਾਨ ਅੰਦੋਲਨ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਰੱਚ ਰਹੀ ਹੈ। ਸਿਵੀਆ ਨੇ ਕਿਹਾ ਕਿ ਸੂਬਾ ਸਰਕਾਰਾਂ ਦੇ ਸੰਵਿਧਾਨਿਕ ਹੱਕਾਂ ਤੇ ਡਾਕਾ ਮਾਰਦੇ ਹੋਏ ਕੇਂਦਰ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪੁਹੰਚਾਉਣ ਲਈ ਕਿਸਾਨ ਵਿਰੋਧੀ ਤਿੰਨ ਕੇਂਦਰੀ ਖੇਤੀ ਸੁਧਾਰ ਕਾਨੂੰਨ ਲਾਗੂ ਕੀਤੇ ਹਨ, ਜਿਨ੍ਹਾਂ ਦਾ ਨੁਕਸਾਨ ਕਿਸਾਨਾਂ ਤੋਂ ਵੀ ਵੱਧ ਆਮ ਲੋਕਾਂ ਨੂੰ ਹੋਵੇਗਾ ਕਿਉਂਕਿ ਇਹ ਘਰਾਣੇ ਸਸਤੇ ਭਾਅ 'ਤੇ ਜਿਣਸਾਂ ਖ਼ਰੀਦ ਕੇ ਮਨਮਰਜ਼ੀ ਦੇ ਭਾਅ 'ਤੇ ਵੇਚਣਗੇ। ਕਿਸਾਨ ਤਾਂ ਆਪਣੇ ਪਰਿਵਾਰਾਂ ਲਈ ਅਨਾਜ ਸਾਂਭ ਲੈਣਗੇ ਪਰ ਦੂਜੇ ਵਰਗਾਂ ਨੂੰ ਇਨ੍ਹਾਂ ਤੋਂ ਮਹਿੰਗੇ ਭਾਅ ਹੀ ਖਰੀਦਣਾ ਪਵੇਗਾ। ਇਸ ਲਈ ਦਿੱਲੀ ਬਾਰਡਰਾਂ 'ਤੇ ਚੱਲ ਰਹੇ ਕਿਸਾਨ ਅੰਦੋਲਨ 'ਚ ਹਿੱਸਾ ਲੈਣਾ ਹਰੇਕ ਵਰਗ ਦਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਲੋਕ ਇਨਸਾਫ਼ ਪਾਰਟੀ ਸ਼ੁਰੂ ਤੋਂ ਹੀ ਕਿਸਾਨ ਸੰਘਰਸ਼ ਦਾ ਸਾਥ ਦਿੰਦੀ ਆਈ ਹੈ ਅਤੇ ਜਿੱਤ ਤੱਕ ਸਾਥ ਦਿੰਦੀ ਰਹੇਗੀ। ਇਸ ਮੌਕੇ ਉਨ੍ਹਾਂ ਨਾਲ 'ਲਿਪ' ਦੇ ਸੀਨੀਅਰ ਆਗੂ ਅਤੁਲ ਕਪੂਰ, ਵਪਾਰ ਵਿੰਗ ਦੇ ਪ੍ਰਧਾਨ ਨਵਨੀਤ ਗੋਪੀ, ਮੋਹਿਤ ਸ਼ਰਮਾ, ਹਰਜਿੰਦਰ ਸਿੰਘ, ਸੰਜੂ ਭਾਰਦਵਾਜ, ਵਰਿੰਦਰ ਕੁਮਾਰ ਰਿੰਕੂ, ਟੋਨੀ ਬਖ਼ਸ਼ੀ, ਗਗਨਦੀਪ ਸਿੰਘ, ਕਰਨ ਚੱਢਾ ਆਦਿ ਹਾਜ਼ਰ ਸਨ।