ਸੰਜੀਵ ਗੁਪਤਾ, ਜਗਰਾਓਂ

ਖੇਤੀ ਕਾਨੂੰਨ ਖ਼ਿਲਾਫ਼ ਬੁੱਧਵਾਰ ਨੂੰ ਇਲਾਕੇ ਦੀਆਂ ਕਿਸਾਨ, ਮਜ਼ਦੂਰ ਜੱਥੇਬੰਦੀਆਂ ਦੇ ਵੱਡੇ ਇਕੱਠ ਨੇ ਸਥਾਨਕ ਰਿਲਾਇੰਸ ਸਟੋਰ ਬੰਦ ਕਰਵਾਉਂਦਿਆਂ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ। ਮੁਜ਼ਾਹਰਾਕਾਰੀਆਂ ਦੇ ਵੱਡੇ ਇਕੱਠ ਦੇ ਰੋਸ ਮਾਰਚ ਦੇ ਰੂਪ 'ਚ ਆਉਂਦਿਆਂ ਦੇਖ ਕੇ ਸਟੋਰ ਸਟਾਫ਼ ਨੇ ਸਟੋਰ ਦੇ ਸ਼ਟਰ ਬੰਦ ਕਰ ਲਏ। ਇਸ ਰੋਸ ਧਰਨੇ ਨੂੰ ਜਮਹੂਰੀ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ ਤੇ ਦਿਹਾਤੀ ਮਜ਼ਦੂਰ ਸਭਾ ਦੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਕਾਨੂੰਨ ਜਿੱਥੇ ਕਿਸਾਨ ਦੀ ਜ਼ਮੀਨ ਖੋਹ ਲਵੇਗਾ, ਉਥੇ ਮਜ਼ਦੂਰ ਨੂੰ ਬੇਰੁਜ਼ਗਾਰ ਤੇ ਆੜ੍ਹਤੀ, ਸ਼ੈਲਰ ਤੇ ਦੁਕਾਨਦਾਰਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗਾ, ਜਿਸ ਕਾਰਨ ਕਿਸੇ ਵੀ ਹਾਲਤ ਵਿਚ ਇਸ ਕਾਨੂੰਨ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ, ਉਨ੍ਹਾਂ ਸਮੂਹ ਜੱਥੇਬੰਦੀਆਂ ਤੋਂ ਇਲਾਵਾ ਪੰਜਾਬ ਦੇ ਲੋਕਾਂ ਨੂੰ ਵੀ ਇਸ ਕਾਲੇ ਕਾਨੂੰਨ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ, ਮਾਸਟਰ ਗੁਰਮੇਲ ਸਿੰਘ, ਗੁਰਚਰਨ ਸਿੰਘ, ਅਵਤਾਰ ਸਿੰਘ ਰਸੂਲਪੁਰ, ਹੁਕਮ ਰਾਜ ਦੇਹੜਕਾ, ਗੁਰਮੁਖ ਸਿੰਘ ਗੱਗ ਕਲਾਂ, ਗੁਰਮੀਤ ਸਿੰਘ ਮੀਤਾ, ਡਾ. ਲਖਵੀਰ ਸਿੰਘ, ਨਿਹਾਲ ਸਿੰਘ ਤਲਵੰਡੀ ਨੌਆਬਾਦ, ਅੰਗਰੇਜ਼ ਸਿੰਘ, ਦਲਜੀਤ ਸਿੰਘ, ਸੁਖਜਿੰਦਰ ਸਿੰਘ, ਪ੍ਰਰੀਤਮ ਸਿੰਘ ਆਦਿ ਹਾਜ਼ਰ ਸਨ।