ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ

ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸਾਂ ਦਾ ਕਿਸਾਨਾਂ, ਕਿਸਾਨ ਜੱਥੇਬੰਦੀਆਂ ਤੇ ਕਿਸਾਨ ਹਿਤੈਸ਼ੀਆਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਵੱਡੀ ਗਿਣਤੀ ਵਿੱਚ ਪੋਸਟਾਂ ਪਾ ਕੇ ਲੋਕਾਂ ਵੱਲੋਂ ਕਿਸਾਨਾਂ ਨਾਲ ਖੜ੍ਹਨ ਦੀ ਗੱਲ ਕੀਤੀ ਗਈ ਹੈ। ਲੋਕਾਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਜਾਰੀ ਕਿਸਾਨ ਵਿਰੋਧੀ ਆਰਡੀਨੈਂਸ ਸਮਝ ਤੋਂ ਬਾਹਰ ਹਨ। ਜੇਕਰ ਕਿਸਾਨ ਹੀ ਖੇਤੀ ਆਰਡੀਨੈਂਸਾਂ ਦਾ ਵਿਰੋਧ ਕਰ ਰਹੇ ਹਨ ਤਾਂ ਇੰਨ੍ਹਾਂ ਆਰਡੀਨੈਂਸਾਂ ਦਾ ਕੀ ਅਰਥ ਰਹਿ ਜਾਂਦਾ ਹੈ। ਲੋਕਾਂ ਵੱਲੋਂ ਖੇਤੀ ਆਰਡੀਨੈਂਸਾਂ ਦਾ ਵਿਰੋਧ ਕਰਦਿਆਂ ਕਿਸਾਨਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ। ਖੇਤੀ ਆਰਡੀਨੈਂਸਾਂ ਦੇ ਵਿਰੋਧ ਸਬੰਧੀ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਪੰਜਾਬੀ ਜਾਗਰਣ ਵੱਲੋਂ ਵਿਸ਼ੇਸ਼ ਤੌਰ 'ਤੇ ਗੱਲ ਕੀਤੀ ਗਈ। ਪੰਜਾਬੀ ਜਾਗਰਣ ਦੇ ਪਾਠਕਾਂ ਲਈ ਪੇਸ਼ ਹਨ ਕੁੱਝ ਸ਼ਖ਼ਸੀਅਤਾਂ ਵੱਲੋਂ ਪ੍ਰਗਟਾਏ ਵਿਚਾਰਾਂ ਦੇ ਕੁੱਝ ਅੰਸ਼....

-ਆਰਡੀਨੈਂਸ ਪਾਸ ਹੋਣ ਨਾਲ ਬਰਬਾਦ ਹੋ ਜਾਵੇਗਾ ਮੁਸ਼ਕਲਾਂ 'ਚ ਿਘਰਿਆ ਕਿਸਾਨ : ਕਲੇਰ

ਲੋਕ ਇਨਸਾਫ ਪਾਰਟੀ ਦੇ ਸੀਨੀਅਰ ਆਗੂ ਅਤੇ ਵਾਰਡ-36 ਦੇ ਕੌਂਸਲਰ ਹਰਵਿੰਦਰ ਸਿੰਘ ਕਲੇਰ ਨੇ ਕਿਹਾ ਕਿ ਖੇਤੀ ਆਰਡੀਨੈਂਸ ਪਾਸ ਹੋਣ ਨਾਲ ਮੰਡੀਆਂ 'ਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕਈ ਮੁਸ਼ਕਲਾਂ ਵਿੱਚ ਿਘਰਿਆ ਕਿਸਾਨ ਬਰਬਾਦ ਹੋ ਜਾਵੇਗਾ। ਜੇਕਰ ਸਹੀ ਅਰਥਾਂ ਵਿੱਚ ਖੇਤੀ ਆਰਡੀਨੈਂਸ ਕਿਸਾਨ ਹਿਤੈਸ਼ੀ ਹੈ ਤਾਂ ਕਿਸਾਨਾਂ ਨੂੰ ਇਸ ਸਬੰਧੀ ਸਮਝਾਇਆ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ 25 ਸਤੰਬਰ ਨੂੰ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਹਰ ਇਕ ਨੂੰ ਸਫ਼ਲ ਕਰਨ ਦਾ ਯਤਨ ਕਰਨਾ ਚਾਹੀਦਾ ਹੈ, ਤਾਂ ਜੋ ਮੋਦੀ ਸਰਕਾਰ ਨੂੰ ਆਰਡੀਨੈਂਸ ਵਾਪਸ ਲੈਣ ਲਈ ਮਜਬੂਰ ਹੋਣਾ ਪਵੇ।

-ਖੇਤੀ ਆਰਡੀਨੈਂਸ ਨਾਲ ਪ੍ਰਭਾਵਿਤ ਹੋਵੇਗਾ ਹਰ ਵਰਗ : ਡਾ. ਸ਼ੁਕਲਾ

ਖੇਤੀ ਵਿਰੋਧੀ ਬਿੱਲਾਂ ਦਾ ਤਿੱਖਾ ਵਿਰੋਧ ਕਰਦਿਆਂ ਅੰਤਰਰਾਸ਼ਟਰੀ ਵਿਗਿਆਨੀ ਅਤੇ ਸ਼੍ਰੋਮਣੀ ਸਾਹਿਤਕਾਰ ਡਾ.ਫਕੀਰ ਚੰਦ ਸ਼ੁਕਲਾ ਨੇ ਕਿਹਾ ਕਿ ਇਸ ਆਰਡੀਨੈਂਸ ਦੇ ਪਾਸ ਹੋਣ ਨਾਲ ਕੇਵਲ ਕਿਸਾਨ ਹੀ ਨਹੀਂ ਸਗੋਂ ਹਰ ਵਰਗ ਪ੍ਰਭਾਵਿਤ ਹੋਵੇਗਾ। ਇਸ ਲਈ ਖੇਤੀ ਆਰਡੀਨੈਂਸਾਂ ਦਾ ਵਿਰੋਧ ਕਰਨ ਅਤੇ ਕਿਸਾਨਾਂ ਦਾ ਸਾਥ ਦੇਣ ਲਈ ਹਰ ਵਰਗ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੀ ਕਿਸਾਨੀ ਨੂੰ ਬਚਾਇਆ ਜਾ ਸਕੇ। ਜੇਕਰ ਆਰਡੀਨੈਂਸ ਵਾਪਸ ਨਾ ਲਏ ਗਏ ਤਾਂ ਕਾਰਪੋਰੇਟ ਘਰਾਣੇ ਆਪਣੀ ਮਨਮਰਜ਼ੀ ਕਰਨਗੇ ਅਤੇ ਕਿਸਾਨ ਕੁੱਝ ਨਹੀਂ ਕਰ ਸਕਣਗੇ।

-ਕਿਸਾਨਾਂ ਨੂੰ ਤਬਾਹ ਕਰਨ 'ਤੇ ਤੁਲੀ ਸਰਕਾਰ : ਅਮਰਜੋਤ

ਖੇਤੀ ਵਿਰੋਧੀ ਕਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦੇ ਹੋਏ ਸਮਾਜ-ਸੇਵੀ ਅਮਰਜੋਤ ਸਿੰਘ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਤਬਾਹ ਕਰਨ 'ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਬਿਨ੍ਹਾਂ ਸੋਚੇ ਸਮਝੇ ਲਿਆ ਗਿਆ ਇਹ ਇੱਕ ਗਲਤ ਫੈਸਲਾ ਹੈ ਜਿਸ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ, ਉਹ ਘੱਟ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਕਿਸਾਨਾਂ ਦੇ ਨਾਲ ਨਾਲ ਆੜਤੀਏ, ਮਜ਼ਦੂਰ ਤੇ ਦੁਕਾਨਦਾਰ ਵੀ ਪ੍ਰਭਾਵਿਤ ਹੋਣਗੇ। 25 ਸਤੰਬਰ ਦੇ ਪੰਜਾਬ ਬੰਦ ਦਾ ਸਮਰਥਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨੂੰ ਸਫਲ ਕਰਨ ਲਈ ਹਰ ਇੱਕ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਦੇਸ਼ ਨੂੰ ਅੰਨਦਾਤੇ ਨੂੰ ਬਚਾਇਆ ਜਾ ਸਕੇ।

-ਸਰਕਾਰ ਵਾਪਸ ਲਵੇ ਖੇਤੀ ਆਰਡੀਨੈਂਸ : ਗਾਇਕ ਸੁੱਖੀ

-ਕੇਦਰ ਵੱਲੋਂ ਪਾਸ ਕੀਤੇ ਗਏ ਆਰਡੀਨੈਸਾਂ ਦੇ ਖ਼ਿਲਾਫ਼ ਸਮੂਹ ਵਰਗਾਂ ਨੂੰ ਇਕੱਠੇ ਹੋਣ ਦੀ ਅਪੀਲ ਕਰਦਿਆਂ ਗਾਇਕ ਸੁਖਵਿੰਦਰ ਸੁੱਖੀ ਨੇ ਕਿਹਾ ਕਿ ਜੇਕਰ ਇਹ ਕਾਨੂੰਨ ਕਿਸਾਨ ਹਿਤੈਸ਼ੀ ਹੰੁਦਾ ਤਾਂ ਕਿਸਾਨ ਕਦੇ ਵੀ ਇਸਦੇ ਖ਼ਿਲਾਫ਼ ਸੜਕਾਂ 'ਤੇ ਨਾ ਉਤਰਦੇ। ਉਨ੍ਹਾਂ ਕਿਹਾ ਕਿ ਅੱਜ ਹਰ ਵਰਗ ਕਿਸਾਨਾਂ ਦੇ ਨਾਲ ਹੋਣ ਦੀ ਗੱਲ ਕਰ ਰਿਹਾ ਹੈ। ਸੋਸ਼ਲ ਮੀਡੀਆ 'ਤੇ 'ਮੈਂ ਵਿਰੋਧ ਕਰਦਾ ਹਾਂ ਖੇਤੀ ਸੁਧਾਰ ਕਾਲੇ ਕਨੂੰਨ ਦਾ' ਅਤੇ 'ਮੈਂ ਕਿਸਾਨ ਨਾਲ ਹਾਂ' ਜਿਹੀਆਂ ਪੋਸਟਾਂ ਪਾ ਕੇ ਹਰ ਵਰਗ ਵੱਲੋਂ ਬਿੱਲ ਵਿਰੋਧੀ ਕਿਸਾਨ ਸੰਘਰਸ਼ ਦੀ ਹਮਾਇਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿੰਨੀ ਛੇਤੀ ਹੋ ਸਕੇ ਕੇਂਦਰ ਸਰਕਾਰ ਨੂੰ ਇਹ ਕਨੂੰਨ ਵਾਪਿਸ ਲੈਣਾ ਚਾਹੀਦਾ ਹੈ।

-ਕਿਸਾਨਾਂ ਨੂੰ ਤਬਾਹ ਕਰਨ ਦਾ ਯਤਨ ਹਨ ਕੇਂਦਰ ਵੱਲੋਂ ਜਾਰੀ ਆਰਡੀਨੈਂਸ : ਅਦਾਕਾਰ ਸੋਹੀ

ਅਦਾਕਾਰ ਸਰਦਾਰ ਸੋਹੀ ਨੇ ਕਿਹਾ ਕਿ ਪਹਿਲਾਂ ਹੀ ਕਰਜ਼ੇ ਦੀ ਮਾਰ ਝੱਲ ਰਹੇ ਤੇ ਕਈ ਮੁਸੀਬਤਾਂ 'ਚ ਿਘਰੇ ਕਿਸਾਨ ਨੂੰ ਰਾਹਤ ਦੇਣ ਦੀ ਬਜਾਏ ਕਿਸਾਨ ਵਿਰੋਧੀ ਆਰਡੀਨੈਂਸ ਪਾਸ ਕਰਕੇ ਤਬਾਹ ਕਰਨ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦਾ ਭਰੋਸਾ ਦਿੱਤਾ ਗਿਆ ਜਦ ਕਿ ਹੁਣ ਅਜਿਹਾ ਆਰਡੀਨੈਂਸ ਲਿਆਂਦਾ ਗਿਆ ਹੈ ਕਿ ਕਿਸਾਨ ਦੇ ਆਮਦਨ ਪਹਿਲਾਂ ਨਾਲੋਂ ਵੀ ਘੱਟ ਹੋ ਜਾਵੇਗੀ। ਆਰਡੀਨੈਂਸ ਵਾਪਸ ਲੈਣ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸਾਨ ਤੇ ਕਿਸਾਨੀ ਨੂੰ ਬਚਾਉਣ ਲਈ ਫੈਸਲੇ ਕਰਨੇ ਚਾਹੀਦੇ ਹਨ।