ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ

ਅਲ੍ਹਮਾਰੀ ਦੀ ਚਾਬੀਆਂ ਲਗਾਉਣ ਦੇ ਬਹਾਨੇ ਗੁਰੂ ਅੰਗਦ ਦੇਵ 'ਵਰਸਿਟੀ ਦੇ ਅਧਿਕਾਰੀ ਦੇ ਘਰ ਵੜੇ ਨੌਸਰਬਾਜ਼ ਅਲ੍ਹਮਾਰੀਆਂ 'ਚੋਂ ਚਾਰ ਲੱਖ ਰੁਪਏ ਦਾ ਸੋਨਾ ਲੈ ਗਏ। ਇਸ ਮਾਮਲੇ 'ਚ ਥਾਣਾ-5 ਦੀ ਪੁਲਿਸ ਨੇ ਮਾਡਲ ਗ੍ਰਾਮ ਦੇ ਵਾਸੀ ਚਰਨਜੀਤ ਸਿੰਘ ਦੇ ਬਿਆਨ 'ਤੇ ਦੋ ਅਣਪਛਾਤੇ ਨੌਸਰਬਾਜ਼ਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।

ਇਸ ਸਬੰਧੀ ਚਰਨਜੀਤ ਸਿੰਘ ਨੇ ਦੱਸਿਆ ਕਿ ਉਹ ਦੁਪਹਿਰ ਵੇਲੇ ਗਲੀ 'ਚ ਦੋ ਨੌਜਵਾਨ ਆਏ ਜੋ ਖ਼ੁਦ ਨੂੰ ਅਲ੍ਹਮਾਰੀ ਠੀਕ ਕਰਨ ਵਾਲੇ ਕਾਰੀਗਰ ਦੱਸ ਰਹੇ ਸਨ। ਚਰਨਜੀਤ ਨੂੰ ਖ਼ਿਆਲ ਆਇਆ ਕਿ ਉਨ੍ਹਾਂ ਦੀ ਇਕ ਅਲ੍ਹਮਾਰੀ ਦਾ ਤਾਲਾ ਖ਼ਰਾਬ ਹੈ। ਲਿਹਾਜ਼ਾ ਉਹ ਦੋਵਾਂ ਨੂੰ ਆਪਣੇ ਘਰ ਦੇ ਅੰਦਰ ਲੈ ਗਏ। ਨੌਜਵਾਨਾਂ ਨੇ ਚਾਬੀ ਲਗਾ ਕੇ ਅਲ੍ਹਮਾਰੀ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਅਲ੍ਹਮਾਰੀ ਨਾ ਖੁੱਲ੍ਹੀ। ਇਸੇ ਦੌਰਾਨ ਦੋਵਾਂ 'ਚੋਂ ਇਕ ਨੇ ਚਰਨਜੀਤ ਸਿੰਘ ਨੂੰ ਸਰ੍ਹੋਂ ਦਾ ਤੇਲ ਲਿਆਉਣ ਲਈ ਕਿਹਾ। ਕੁਝ ਸਮੇਂ ਬਾਅਦ ਚਰਨਜੀਤ ਕਮਰੇ ਦੇ ਅੰਦਰ ਦਾਖ਼ਲ ਹੋਇਆ, ਤਾਂ ਉਨ੍ਹਾਂ ਨੇ ਚਾਬੀ ਨੂੰ ਤੇਲ ਲਗਾ ਕੇ ਅਲ੍ਹਮਾਰੀ ਦਾ ਲੱਾਕ ਖੋਲ੍ਹ ਦਿੱਤਾ। ਦੂਜੀ ਅਲ੍ਹਮਾਰੀ ਦਾ ਲੱਾਕ ਚੈੱਕ ਕਰਨ ਦੇ ਬਹਾਨੇ ਦੋਵੇਂ ਨੌਜਵਾਨ ਘਰੋਂ ਬਾਹਰ ਹੋ ਕੇ ਮੌਕੇ ਤੋਂ ਫ਼ਰਾਰ ਹੋ ਗਏ। ਇਕਦਮ ਗਾਇਬ ਹੋ ਜਾਣ ਕਰ ਕੇ ਚਰਨਜੀਤ ਸਿੰਘ ਨੂੰ ਨੌਜਵਾਨਾਂ ਤੇ ਸ਼ੱਕ ਹੋਇਆ ਤੇ ਜਦ ਉਸ ਨੇ ਅਲ੍ਹਮਾਰੀ 'ਚ ਝਾਤੀ ਮਾਰੀ, ਤਾਂ ਅਲ੍ਹਮਾਰੀ 'ਚੋਂ ਸੋਨੇ ਦੇ ਗਹਿਣੇ ਗਾਇਬ ਸਨ। ਚਰਨਜੀਤ ਸਿੰਘ ਨੇ ਦੱਸਿਆ ਕਿ ਕਾਰੀਗਰ ਬਣ ਕੇ ਘਰ 'ਚ ਵੜੇ ਦੋਵੇਂ ਨੌਜਵਾਨ ਚਾਰ ਲੱਖ ਰੁਪਏ ਦਾ ਸੋਨਾ ਚੋਰੀ ਕਰਕੇ ਲੈ ਗਏ ਹਨ। ਗੁਆਂਢ 'ਚ ਲੱਗੇ ਸੀਸੀਟੀਵੀ ਕੈਮਰਿਆਂ 'ਚ ਦੋਵਾਂ ਨੌਸਰਬਾਜ਼ਾਂ ਦੇ ਚਿਹਰੇ ਸਾਫ਼ ਹੋ ਗਏ। ਥਾਣਾ-5 ਦੀ ਪੁਲਿਸ ਨੇ ਮਾਡਲ ਗ੍ਰਾਮ ਦੇ ਵਾਸੀ ਚਰਨਜੀਤ ਸਿੰਘ ਦੇ ਬਿਆਨਾਂ 'ਤੇ ਦੋ ਅਣਪਛਾਤੇ ਨੌਸਰਬਾਜ਼ਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।