ਰਾਜੇਸ਼ ਭੱਟ, ਲੁਧਿਆਣਾ : ਕੋਰੋਨਾ ਕਾਲ 'ਚ ਅਧਿਆਪਕ ਤੇ ਬੱਚੇ ਕਲਾਸ ਰੂਮ ਤੋਂ ਦੂਰ ਹੋ ਗਏ ਹਨ। ਬੱਚਿਆਂ ਤੋਂ ਖੇਡ ਮੈਦਾਨ ਵੀ ਖੁੰਝ ਗਏ। ਆਨਲਾਈਨ ਸਟੱਡੀ 'ਤੇ ਜ਼ੋਰ ਹੈ ਪਰ ਇਸ ਨਾਲ ਇਹ ਖ਼ਤਰਾ ਲਗਾਤਾਰ ਵਧਿਆ ਹੋਇਆ ਕਿ ਬੱਚੇ ਮਾਨਸਿਕ ਤਣਾਅ ਦੇ ਸ਼ਿਕਾਰ ਨਾ ਹੋ ਜਾਣ। ਇਸ ਖ਼ਤਰੇ ਨੂੰ ਦੂਰ ਕਰਨ ਲਈ ਲੁਧਿਆਣਾ ਦੇ ਸਰਕਾਰੀ ਹਾਈ ਸਕੂਲ ਖੇੜੀ ਚਮੇੜੀ ਦੇ ਪੰਜਾਬੀ ਦੇ ਅਧਿਆਪਕ ਕਰਮਜੀਤ ਸਿੰਘ ਪੜ੍ਹਾਈ ਦੇ ਤਰੀਕੇ ਨੂੰ ਰੌਚਕ ਬਣਾ ਰਹੇ ਹਨ।

ਕਰਮਜੀਤ ਨੇ ਸਿੱਖਾਂ ਦੇ 9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨੂੰ ਗੀਤਾਂ 'ਚ ਪਰੋਇਆ ਤੇ ਉਨ੍ਹਾਂ ਨੂੰ ਵਿਦਿਆਰਥੀਆਂ ਤਕ ਪਹੁੰਚਾਇਆ। ਸਿਲੇਬਸ ਦਾ ਹਿੱਸਾ ਹੋਣ ਕਾਰਨ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਇਸ ਯਤਨ ਨਾਲ ਕਾਫ਼ੀ ਫਾਇਦਾ ਹੋਇਆ ਹੈ। ਉਹ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਰੂਬਰੂ ਤਾਂ ਹੋਏ ਹੀ, ਆਨਲਾਈਨ ਮੁਕਾਬਲਿਆਂ 'ਚ ਇਨ੍ਹਾਂ ਗੀਤਾ ਨੂੰ ਗਾ ਕੇ ਉਨ੍ਹਾਂ ਬਲਾਕ ਪੱਧਰ ਤੋਂ ਲੈ ਕੇ ਰਾਜ ਪੱਧਰੀ ਮੁਕਾਬਲੇ ਵੀ ਜਿੱਤੇ। ਕਮਰਜੀਤ ਨੇ ਇਹ ਚਾਰੇ ਗੀਤ ਖ਼ੁਦ ਲਿਖੇ ਹਨ। ਉਨ੍ਹਾਂ ਪਹਿਲਾਂ ਇਨ੍ਹਾਂ ਨੂੰ ਖ਼ੁਦ ਗਾਇਆ ਤੇ ਫਿਰ ਬੱਚਿਆਂ ਨਾਲ ਗਾ ਕੇ ਵੀਡੀਓ ਯੂਟਿਊਬ 'ਤੇ ਅਪਲੋਡ ਕੀਤੀਆਂ।

ਕਰਮਜੀਤ ਸਿੰਘ ਨੇ ਪਹਿਲੇ ਗੀਤ 'ਚ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਦੱਸਿਆ। ਦੂਸਰੇ ਗੀਤ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਗੁਰੂ ਜੀ ਦੀ ਬਾਣੀ ਨਾਲ ਜੁੜੇ ਪ੍ਰਸੰਗਾਂ ਨੂੰ ਦੱਸਿਆ। ਤੀਸਰੇ ਗੀਤ 'ਚ ਗੁਰੂ ਜੀ ਤੇ ਉਨ੍ਹਾਂ ਦੇ ਨਾਲ ਸ਼ਹੀਦ ਹੋਏ ਸਿੰਘਾਂ ਦੀ ਕੁਰਬਾਨੀ ਸਬੰਧੀ ਦੱਸਿਆ। ਚੌਥੇ ਗੀਤ 'ਚ ਮੱਖਣ ਸ਼ਾਹ ਲੁਬਾਣਾ ਵੱਲੋਂ ਗੁਰੂ ਜੀ ਨੂੰ ਲੱਭਣ ਦੇ ਪ੍ਰਸੰਗ ਨੂੰ ਰੌਚਕ ਤਰੀਕੇ ਨਾਲ ਪੇਸ਼ ਕੀਤਾ। ਇਨ੍ਹਾਂ ਚਾਰ ਗੀਤਾਂ 'ਚ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਦੀਆਂ ਸਾਰੀਆਂ ਘਟਨਾਵਾਂ ਨੂੰ ਸੰਖੇਪ 'ਚ ਪਰੋਇਆ ਗਿਆ ਹੈ।

ਕਰਮਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਚਾਰ ਗੀਤਾਂ ਨਾਲ ਬੱਚਿਆਂ ਨੂੰ ਸਿੱਖ ਇਤਿਹਾਸ 'ਚ ਗੁਰੂ ਤੇਗ ਬਹਾਦਰ ਜੀ ਦੇ ਮਹੱਤਵ ਦਾ ਪਤਾ ਚੱਲਿਆ ਹੈ। ਇਹ ਵਿਦਿਆਰਥੀਆਂ ਦੇ ਸਿਲੇਬਸ ਦਾ ਹਿੱਸਾ ਵੀ ਹੈ। ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਅਗਲੇ ਸਾਲ ਅਪ੍ਰੈਲ 'ਚ ਆ ਰਿਹਾ ਹੈ। ਇਸ ਲਈ ਮੇਰਾ ਉਦੇਸ਼ ਇਹੀ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਵੀਰ ਗਾਥਾ ਗੀਤਾਂ ਜ਼ਰੀਏ ਜਨ-ਜਨ ਤਕ ਪੁੱਜੇ।

ਦਾਖ਼ਲਾ ਵਧਾਉਣ ਲਈ ਵੀ ਗੀਤ ਗਾ ਚੁੱਕੇ ਹਨ ਕਰਮਜੀਤ

ਕਮਰਜੀਤ ਸਿੰਘ ਹੁਨਰ ਦੇ ਧਨੀ ਹਨ। ਉਹ ਪਹਿਲਾਂ ਵੀ ਕਈ ਗੀਤ ਗਾ ਚੁੱਕੇ ਹਨ। ਉਹ ਆਪਣੇ ਜ਼ਿਆਦਾਤਰ ਗੀਤ ਬੱਚਿਆਂ ਲਈ ਲਿਖਦੇ ਹਨ ਜੋ ਕਿ ਉਨ੍ਹਾਂ ਦੇ ਵਿਕਾਸ 'ਚ ਮਦਦਗਾਰ ਸਾਬਿਤ ਹੁੰਦੇ ਹਨ। ਉਨ੍ਹਾਂ ਸਰਕਾਰੀ ਸਕੂਲਾਂ 'ਚ ਦਾਖ਼ਲਾ ਵਧਾਉਣ ਦੀ ਮੁਹਿੰਮ ਨੂੰ ਬਲ ਦੇਣ ਲਈ ਵੀ ਇਕ ਗੀਤ ਲਿਖਿਆ, ਜਿਸ ਵਿਚ ਸਰਕਾਰੀ ਸਕੂਲਾਂ ਦੇ ਸਮਾਰਟ ਸਕੂਲ ਬਣਨ ਦੇ ਸਫ਼ਰ ਨੂੰ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਉਹ ਬੱਚਿਆਂ ਲਈ ਕਿਤਾਬਾਂ ਵੀ ਲਿਖਦੇ ਹਨ। 2005 'ਚ ਉਨ੍ਹਾਂ ਨੂੰ ਸਰਬੋਤਮ ਬਾਲ ਪੁਸਤਕ ਲਿਖਣ ਦਾ ਐਵਾਰਡ ਵੀ ਮਿਲ ਚੁੱਕਾ ਹੈ। ਕਰਮਜੀਤ ਫੇਸਬੁੱਕ ਤੇ ਯੂਟਿਊਬ ਦਾ ਖਾਸਾ ਇਸਤੇਮਾਲ ਕਰਦੇ ਹਨ ਤਾਂ ਜੋ ਉਨ੍ਹਾਂ ਦੀਆਂ ਰਚਨਾਵਾਂ ਸਾਰੇ ਬੱਚਿਆਂ ਕੋਲ ਪਹੁੰਚਣ।

ਇਹ ਐਵਾਰਡ ਮਿਲੇ ਹਨ

  • ਨੈਸ਼ਨਲ ਟੀਚਰ ਐਵਾਰਡ 2013
  • ਸਟੇਟ ਟੀਚਰ ਐਵਾਰਡ 2009
  • ਸਰਬੋਤਮ ਬਾਲ ਪੁਸਤਕ ਐਵਾਰਡ 2005

ਯੂਟਿਊਬ 'ਤੇ ਪਸੰਦ ਕੀਤੇ ਜਾ ਰਹੇ ਇਹ ਗੀਤ

  • ਧਨ-ਧਨ ਸਤਗੁਰੂ ਸਤਗੁਰੂ ਤੇਗ ਬਹਾਦਰ ਧਨ ਕੀਤੀ ਕੁਰਬਾਨੀ ਜੀ...। (ਯੂਟਿਊਬ 'ਤੇ 16,000 ਵਿਊਜ਼)
  • ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ...ਪ੍ਰਕਾਸ਼ ਪੁਰਬ ਨੂੰ ਹੋਏ ਚਾਰ ਸੌ ਸਾਲ...। (ਯੂਟਿਊਬ 'ਤੇ 23,000 ਵਿਊਜ਼)
  • ਜਾ ਕੇ ਦਿੱਲੀ ਵਿਚ ਸ਼ੀਸ਼ ਕਟਵਾਉਣ ਵਾਲਿਆ...। (ਯੂਟਿਊਬ 'ਤੇ 21 ਹਜ਼ਾਰ ਵਿਊਜ਼)
  • ਕੀਤੀ ਸੱਚੇ ਦਿਲੋਂ ਫ਼ਰਿਆਦ...। (ਯੂਟਿਊਬ 'ਤੇ 11 ਹਜ਼ਾਰ ਵਿਊਜ਼)

Posted By: Seema Anand