Punjab news ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਪਿਤਾ ਦੀ ਮੌਤ ਤੋਂ ਬਾਅਦ ਨੌਜਵਾਨ ਨੇ ਪਿਤਾ ਤੇ ਉਸ ਦੇ ਦੋਸਤ ਦੀ ਸਾਂਝੀ ਐਫਡੀਆਰ ਚੋਂ ਧੋਖੇ ਨਾਲ ਸਾਢੇ ਅੱਠ ਲੱਖ ਰੁਪਏ ਤੋਂ ਵੱਧ ਦੀ ਨਕਦੀ ਆਪਣੇ ਖਾਤੇ 'ਚ ਟਰਾਂਸਫਰ ਕਰਵਾ ਲਈ। ਇਸ ਮਾਮਲੇ 'ਚ ਥਾਣਾ ਡਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਮੁਰਾਦਪੁਰਾ ਗਿੱਲ ਰੋਡ ਦੇ ਵਾਸੀ ਚਰਨਜੀਤ ਸਿੰਘ ਦੇ ਬਿਆਨਾਂ ਉੱਪਰ ਐੱਲ ਬਲਾਕ ਮਾਡਲ ਟਾਊਨ ਦੇ ਵਾਸੀ ਯਸ਼ਮਿੰਦਰ ਸਿੰਘ ਦੇ ਖ਼ਿਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਚਰਨਜੀਤ ਸਿੰਘ (72) ਨੇ ਦੱਸਿਆ ਕਿ ਕੁਝ ਸਾਲ ਪਹਿਲੋਂ ਉਨ੍ਹਾਂ ਨੇ ਆਪਣੇ ਦੋਸਤ ਸਵਰਨ ਸਿੰਘ ਨਾਲ ਮਿਲ ਕੇ ਬੈਂਕ 'ਚ ਦੋ ਐੱਫਡੀਆਰ ਖਾਤੇ ਖੁਲ੍ਹਵਾਏ ਸਨ। ਸਾਲ 2017 'ਚ ਸਵਰਨ ਸਿੰਘ ਦੀ ਮੌਤ ਹੋ ਗਈ ਤੇ ਜਨਵਰੀ 2018 'ਚ ਐੱਫਡੀਆਰ ਦੀ ਮਿਆਦ ਪੂਰੀ ਹੋਣ 'ਤੇ ਸਵਰਨ ਸਿੰਘ ਦੇ ਪੁੱਤਰ ਯਸ਼ਮਿੰਦਰ ਸਿੰਘ ਨੇ ਆਪਣੇ ਪਿਤਾ ਦੇ ਚੈੱਕਾਂ ਦੀ ਦੁਰਵਰਤੋਂ ਕਰਦਿਆਂ ਪਿਤਾ ਦੀ ਰਕਮ ਦੇ ਨਾਲ-ਨਾਲ ਉਨ੍ਹਾਂ ਦੇ ਪੈਸੇ ਵੀ ਆਪਣੇ ਖਾਤੇ 'ਚ ਟਰਾਂਸਫਰ ਕਰਵਾ ਲਏ। ਚਰਨਜੀਤ ਸਿੰਘ ਨੇ ਦੱਸਿਆ ਕਿ ਕੁੱਲ ਰਕਮ ਸਾਢੇ ਅੱਠ ਲੱਖ ਰੁਪਏ ਤੋਂ ਉੱਪਰ ਦੀ ਬਣਦੀ ਹੈ। ਇਸ ਮਾਮਲੇ 'ਚ ਸਾਲ 2019 ਚਰਨਜੀਤ ਨੇ ਪੁਲਿਸ ਦੇ ਉਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ । ਸਾਲਾਂ ਦੀ ਚੱਲੀ ਪੜਤਾਲ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਦੇ ਖਿਲਾਫ ਧੋਖਾਧੜੀ ਦਾ ਮੁਕੱਦਮਾ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ।

Posted By: Sarabjeet Kaur