ਸੁਖਦੇਵ ਗਰਗ, ਜਗਰਾਓਂ : ਸਥਾਨਕ ਜੀਵਨਜੋਤ ਨਰਸਿੰਗ ਇੰਸਟੀਚਿਊਟ ਵਿਖੇ ਵਿਦਿਆਰਥਣਾਂ ਵੱਲੋਂ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਸਾਉਣ ਮਹੀਨੇ ਦੇ ਇਸ ਵਿਸ਼ੇਸ਼ ਤਿਉਹਾਰ ਨੂੰ ਮਨਾਉਣ ਸਮੇਂ ਇੰਸਟੀਚਿਊਟ ਦੀਆਂ ਮੁਟਿਆਰਾਂ ਨੇ ਗਿੱਧਾ, ਭੰਗੜਾ ਬੋਲੀਆਂ ਤੇ ਪੀਂਘਾਂ ਝੂਟ ਕੇ ਖੂਬ ਆਨੰਦ ਮਾਣਿਆ ਤੇ ਪੰਜਾਬੀ ਸਭਿਆਚਾਰ ਦੇ ਰੰਗ ਬਿਖੇਰੇ। ਵਿਦਿਆਰਥਣਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਸੋਲੋ ਡਾਂਸ, ਗਰੁੱਪ ਡਾਂਸ, ਭੰਗੜਾ ਤੇ ਗਿੱਧੇ ਦੇ ਹੋਏ ਮੁਕਾਬਲਿਆਂ 'ਚ ਭਾਗ ਲਿਆ।

ਇਨ੍ਹਾਂ ਮੁਕਾਬਲਿਆਂ 'ਚੋਂ ਮਿਸ ਤੀਜ ਦਾ ਖ਼ਿਤਾਬ ਜਿੰਦਰੀ ਕੌਰ ਨੂੰ ਮਿਲਿਆ ਜਦਕਿ ਉਪ ਜੇਤੂ ਭਵਨੂਰ ਕੌਰ ਬਣੀ। ਇਸ ਮੌਕੇ ਕਾਲਜ ਦੇ ਡਾਇਰੈਕਟਰ ਡਾ. ਪਰਮਿੰਦਰ ਸਿੰਘ ਤੇ ਪਿੰ੍ਸੀਪਲ ਗਗਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਤੀਜ ਦੇ ਤਿਉਹਾਰ ਤੋਂ ਜਾਣੂ ਕਰਵਾਉਂਦੇ ਹੋਏ ਪੰਜਾਬੀ ਵਿਰਸੇ ਸਬੰਧੀ ਵਿਦਿਆਰਥੀਆਂ ਤੋਂ ਸਵਾਲ ਪੁੱਛੇ ਜਿਨ੍ਹਾਂ ਦੇ ਸਹੀ ਜਵਾਬ ਦੇਣ ਵਾਲਿਆਂ ਨੂੰ ਤੋਹਫ਼ੇ ਵੀ ਦਿੱਤੇ ਗਏ। ਇਸ ਮੌਕੇ ਸਰਦਾਰਾ ਸਿੰਘ ਸਮੇਤ ਸਮੂਹ ਸਟਾਫ਼ ਹਾਜ਼ਰ ਸੀ।