ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ

ਜਿਊਲਰ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਸ਼ਾਤਰ ਚੋਰ ਦੁਕਾਨ ਦਾ ਸ਼ਟਰ ਤੋੜ ਕੇ ਅੰਦਰੋਂ ਸਾਢੇ 3 ਲੱਖ ਦੀ ਨਕਦੀ ਚੋਰੀ ਕਰ ਕੇ ਲੈ ਗਏ। ਥਾਣਾ ਕੋਤਵਾਲੀ ਦੀ ਪੁਲਿਸ ਨੇ ਦੁਕਾਨ ਦੇ ਮਾਲਕ ਅਰਿਹੰਤ ਜੈਨ ਦੇ ਬਿਆਨਾਂ 'ਤੇ ਅਣਪਛਾਤੇ ਪੰਜ ਚੋਰਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ਸਬੰਧੀ ਅਰਿਹੰਤ ਜੈਨ ਨੇ ਦੱਸਿਆ ਕਿ ਉਨ੍ਹਾਂ ਦੀ ਸ਼ਿੰਗਾਰ ਜਿਊਲਰ ਨਾਂਅ ਦੀ ਦੁਕਾਨ ਤਾਲਾਬ ਬਜ਼ਾਰ 'ਚ ਹੈ। ਸਵੇਰੇ ਉਨ੍ਹਾਂ ਨੂੰ ਦੁਕਾਨ ਦੇ ਗੁਆਂਢ 'ਚ ਰਹਿੰਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ। ਮੌਕੇ 'ਤੇ ਪੁੱਜੇ ਅਰਿਹੰਤ ਜੈਨ ਨੇ ਦੇਖਿਆ ਕਿ ਦੁਕਾਨ 'ਚ ਪਏ ਗੱਲੇ ਦਾ ਵੀ ਜਿੰਦਰਾ ਟੁੱਟਿਆ ਹੋਇਆ ਸੀ ਤੇ ਗੱਲੇ 'ਚ ਪਈ ਸਾਢੇ ਤਿੰਨ ਲੱਖ ਦੀ ਨਕਦੀ ਗਾਇਬ ਸੀ। ਅਰਿਹੰਤ ਜੈਨ ਨੇ ਇਸ ਬਾਰੇ ਥਾਣਾ ਕੋਤਵਾਲੀ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪੁੱਜੀ ਤੇ ਤਫਤੀਸ਼ ਸ਼ੁਰੂ ਕੀਤੀ। ਇਸ ਮਾਮਲੇ 'ਚ ਅਰਿਹੰਤ ਜੈਨ ਨੇ ਕਿਹਾ ਕਿ ਦੁਕਾਨ 'ਚ ਜ਼ਿਆਦਾ ਮਾਤਰਾ 'ਚ ਡੁਪਲੀਕੇਟ ਜਿਊਲਰੀ ਹੀ ਸੀ। ਅਰਿਹੰਤ ਮੁਤਾਬਕ ਚੋਰ ਸੋਨੇ ਦੇ ਜਾਣਕਾਰ ਸਨ। ਇਸ ਲਈ ਉਨ੍ਹਾਂ ਨੇ ਡੁਪਲੀਕੇਟ ਜਿਊਲਰੀ ਚੋਰੀ ਨਹੀਂ ਕੀਤੀ। ਨਕਦੀ ਦੇ ਨਾਲ-ਨਾਲ ਉਹ ਦੁਕਾਨ 'ਚ ਪਿਆ ਅਰਿਹੰਤ ਜੈਨ ਦਾ ਮੋਬਾਈਲ ਫੋਨ ਵੀ ਲੈ ਗਏ।

-ਸੀਸੀਟੀਵੀ 'ਚ ਕੈਦ ਹੋਏ ਪੰਜ ਚੋਰ

ਅਰਿਹੰਤ ਜੈਨ ਨੇ ਕਿਹਾ ਕਿ ਉਨ੍ਹਾਂ ਨੇ ਜਦ ਦੁਕਾਨ ਦੇ ਅੰਦਰ ਤੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਸਾਹਮਣੇ ਆਇਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪੰਜ ਚੋਰ ਸਨ, ਜਿਨ੍ਹਾਂ 'ਚੋਂ ਸ਼ਟਰ ਤੋੜਨ ਤੋਂ ਬਾਅਦ ਤਿੰਨ ਦੁਕਾਨ ਦੇ ਅੰਦਰ ਦਾਖ਼ਲ ਹੋਏ ਤੇ ਦੋ ਬਾਹਰ ਹੀ ਖੜ੍ਹੇ ਰਹੇ।

-ਸਵੇਰੇ ਸੱਤ ਵਜੇ ਦਿੱਤਾ ਵਾਰਦਾਤ ਨੂੰ ਅੰਜਾਮ

ਸੀਸੀਟੀਵੀ ਦੀ ਫੁਟੇਜ ਮੁਤਾਬਕ ਚੋਰਾਂ ਨੇ ਬੁੱਧਵਾਰ ਸਵੇਰੇ ਸੱਤ ਵਜੇ ਦੇ ਕਰੀਬ ਵਾਰਦਾਤ ਨੂੰ ਅੰਜਾਮ ਦਿੱਤਾ। ਹੈਰਾਨੀ ਤਾਂ ਇਹ ਹੈ ਕਿ ਚੋਰ ਦਿਨ ਵੇਲੇ ਹੀ ਆਸਾਨੀ ਨਾਲ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ।

-ਮੁਕੱਦਮਾ ਦਰਜ ਕਰ ਕੇ ਪੁਲਿਸ ਨੇ ਕੀਤੀ ਪੜਤਾਲ ਸ਼ੁਰੂ

ਇਸ ਮਾਮਲੇ 'ਚ ਥਾਣਾ ਕੋਤਵਾਲੀ ਦੇ ਮੁਖੀ ਰਾਜਵੰਤ ਸਿੰਘ ਨੇ ਕਿਹਾ ਕਿ ਪੁਲਿਸ ਨੇ ਅਰਿਹੰਤ ਜੈਨ ਦੇ ਬਿਆਨਾਂ 'ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।