ਰਘਵੀਰ ਸਿੰਘ ਜੱਗਾ, ਰਾਏਕੋਟ

ਗੁੰਮ ਹੋਏ 328 ਪਾਵਨ ਸਰੂਪਾਂ ਦੇ ਮਾਮਲੇ 'ਚ ਐੱਸਜੀਪੀਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਸ਼੍ਰੋਮਣੀ ਕਮੇਟੀ ਜ਼ਿੰਮੇਵਾਰ ਹਨ। ਐੱਸਜੀਪੀਸੀ ਦੀ ਨੱਕ ਹੇਠ 328 ਪਾਵਨ ਸਰੂਪਾਂ ਦਾ ਗੁੰਮ ਹੋਣਾ ਵੀ ਬੇਅਦਬੀ ਹੈ। ਇਥੇ ਹੀ ਬੱਸ ਨਹੀਂ ਇਸ ਦੀ ਜਾਂਚ ਜਸਟਿਸ ਬੀਬੀ ਨਵਿਤਾ ਸਿੰਘ ਨੂੰ ਦੇਣਾ ਅਤੇ ਫਿਰ ਉਸ 'ਤੇ ਦਬਾਅ ਬਣਾ ਕੇ ਜਾਂਚ ਕਰਨ ਤੋਂ ਹਟਾ ਦਿੱਤਾ ਗਿਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ ਨੇ ਕੀਤਾ। ਉਹ ਸੋਮਵਾਰ ਨੂੰ ਪੰਥਕ ਅਕਾਲੀ ਲਹਿਰ ਵੱਲੋਂ ਗੁਰਦੁਆਰਾ ਖੰਗੂੜਾ ਪੱਤੀ ਪਿੰਡ ਤਾਜਪੁਰ ਵਿਖੇ ਸਾਬਕਾ ਜ਼ਿਲ੍ਹਾ ਪ੍ਰਰੀਸ਼ਦ ਮੈਂਬਰ ਮਨਪ੍ਰਰੀਤ ਸਿੰਘ ਤਲਵੰਡੀ ਅਤੇ ਸੋਹਣ ਸਿੰਘ ਤਾਜਪੁਰ ਦੀ ਅਗਵਾਈ ਹੇਠ ਮੀਟਿੰਗ 'ਚ ਪੁੱਜੇ ਸਨ। ਉਨ੍ਹਾਂ ਕਿਹਾ ਜਿਸ ਨੂੰ ਹੁਣ ਪਾਵਨ ਸਰੂਪਾਂ ਦੀ ਜਾਂਚ ਸੌਂਪੀ ਗਈ ਹੈ, ਉਹ ਭਾਈ ਈਸ਼ਰ ਸਿੰਘ ਹਨ, ਜੋ ਨਾ ਤਾਂ ਵਕੀਲ ਹਨ, ਹਾਂ ਪਰ ਉਹ ਮੌਜੂਦਾ ਜਥੇਦਾਰ ਗਿਆਨੀ ਹਰਪ੍ਰਰੀਤ ਸਿੰਘ ਦੇ ਕਰੀਬੀ ਜ਼ਰੂਰ ਹਨ ਜੋ ਬਾਦਲ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਪੰਥ ਤੇ ਗ੍ੰਥ ਨੂੰ ਬਚਾਉਣ ਲਈ ਬਾਦਲ ਪਰਿਵਾਰ ਨੂੰ ਗੁਰੂ ਘਰਾਂ ਤੋਂ ਲਾਂਭੇ ਕਰਨਾ ਅਤਿ ਜ਼ਰੂਰੀ ਹੈ, ਤਾਂ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉੱਤਮ ਮਾਣ ਮਰਿਆਦਾ ਨੂੰ ਫਿਰ ਦੁਬਾਰਾ ਬਹਾਲ ਕੀਤਾ ਜਾ ਸਕੇ ਅਤੇ ਗੁਰੂ ਦੀ ਗੋਲਕ ਨੂੰ ਗ਼ਰੀਬਾਂ, ਵਿਧਵਾਵਾਂ ਅਤੇ ਲੋੜਵੰਦਾਂ ਲਈ ਵਰਤਿਆ ਜਾ ਸਕੇ।

ਇਸ ਮੌਕੇ ਸੋਹਣ ਸਿੰਘ ਬਾਬਾ ਤਾਜਪੁਰ, ਰਾਜਦੀਪ ਸਿੰਘ ਆਂਡਲੂ, ਗੁਰਮਿੰਦਰ ਸਿੰਘ ਗੋਗੀ ਭੁੱਲਰ, ਜਸਵਿੰਦਰ ਸਿੰਘ ਸੁਧਾਰ ਵੱਲੋਂ ਸਿੰਘ ਸਾਹਿਬ ਜੱਥੇਦਾਰ ਰਣਜੀਤ ਸਿੰਘ ਨੂੰ ਸ੍ਰੀ ਸਾਹਿਬ ਅਤੇ ਸਿਰਪਾਓ ਨਾਲ ਸਨਮਾਨਿਤ ਕੀਤਾ ਗਿਆ।