ਸੰਜੀਵ ਗੁਪਤਾ, ਜਗਰਾਓਂ

ਇੱਥੋਂ ਦੇ ਪਿੰਡ ਕਮਾਲਪੁਰਾ ਵਿਖੇ ਕਿਸਾਨੀ ਤੇ ਮਜ਼ਦੂਰ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ਼ ਰੋਸ ਮੁਜ਼ਾਹਰਾ ਕਰਦਿਆਂ ਤੇਲ ਦੀਆਂ ਵਧੀਆ ਕੀਮਤਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਲੱਕ ਤੋੜ ਰਹੀ ਕਿਸਾਨੀ ਨੂੰ ਬਚਾਉਣ ਲਈ ਫੌਰੀ ਬਣਦੇ ਕਦਮ ਚੁੱਕੇ। ਜਿਸ ਦੇ ਤਹਿਤ ਝੋਨੇ ਦੀ ਲਵਾਈ 1 ਜੂਨ ਤੋਂ ਸ਼ੁਰੂ ਕਰਨ, 10 ਘੰਟੇ ਬਿਜਲੀ ਸਪਲਾਈ ਦੇਣ ਦਾ ਬਿਨ੍ਹਾਂ ਸ਼ਰਤ ਪ੍ਰਬੰਧ ਕਰੇ। ਉਨ੍ਹਾਂ ਪਰਵਾਸੀ ਮਜ਼ਦੂਰਾਂ ਨੂੰ ਹਰ ਸੰਭਵ ਸਹਾਇਤਾ ਦੇਣ, ਮਨਰੇਗਾ ਦਾ ਕੰਮ ਚਾਲੂ ਕਰਨ, ਖਤਮ ਕੀਤੇ ਜਾ ਰਹੇ ਕਿਰਤ ਕਨੂੰਨ ਬਹਾਲ ਕੀਤੇ ਜਾਣ ਦੀ ਮੰਗ ਕੀਤੀ। ਇਸ ਮੌਕੇ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਵਿਚ ਰੈਲੀ ਹੋਈ। ਜਿਸ ਵਿਚ ਕੁੱਲ ਸੰਸਾਰ ਦੇ ਦੇਸ਼ਾਂ ਦੀਆਂ ਹਕੂਮਤਾਂ ਵੱਲੋਂ ਕੋਰੋਨਾ ਨੂੰ ਕਾਬੂ ਕਰਨ 'ਚ ਮਿਲੀ ਨਾਕਾਮਯਾਬੀ 'ਤੇ ਬੁਲਾਰਿਆਂ ਨੇ ਕਿਹਾ ਕਿ ਇਸ ਮਹਾਮਾਰੀ ਨੇ ਸਾਬਤ ਕਰ ਦਿੱਤਾ ਹੈ ਕਿ ਦੁਨੀਆਂ ਦਾ ਸਭ ਤੋਂ ਧਨਾਢ ਅਮਰੀਕਾ ਲੋਕ ਸਿਹਤ ਦੇ ਮਾਮਲੇ 'ਚ ਅੰਦਰੋਂ ਖੋਖਲਾ ਸਾਬਤ ਹੋਇਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਵੀ ਲੱਛੇਦਾਰ ਭਾਸ਼ਣਾਂ ਤੋਂ ਬਿਨ੍ਹਾਂ ਕੁਝ ਨਹੀਂ ਕਰ ਰਹੇ। ਮੌਜੂਦਾ ਪ੍ਰਬੰਧ ਮੈਡੀਕਲ ਕਾਮਿਆਂ ਨੂੰ ਸਮੇਂ ਸਿਰ ਸਮਾਨ ਮੁਹੱਈਆ ਕਰਵਾਉਣ 'ਚ ਅਸਫਲ ਸਾਬਤ ਹੋਇਆ ਹੈ। ਅਜਿਹੇ ਅੌਖੇ ਸਮੇਂ ਵਿਚ ਲੋਕ ਹੀ ਲੋਕਾਂ ਦੇ ਕੰਮ ਆਏ ਹਨ। ਇਸ ਮੌਕੇ ਬਲਵਿੰਦਰ ਸਿੰਘ, ਇਕਬਾਲ ਸਿੰਘ, ਜਗਮੋਹਨ ਸਿੰਘ, ਕੰਵਲਜੀਤ ਖੰਨਾ, ਅਵਤਾਰ ਸਿੰਘ, ਜਸਵੀਰ ਸਿੰਘ ਅਕਾਲਗੜ੍ਹ ਆਦਿ ਹਾਜ਼ਰ ਸਨ।