ਪੱਤਰ ਪੇ੍ਰਕ, ਖੰਨਾ : ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਖੰਨਾ ਦੀ ਬੈਠਕ ਪਿ੍ਰੰਸੀਪਲ ਜਸਵੰਤ ਸਿੰਘ ਮਿੱਤਰ ਤੇ ਕਾਰਜਕਾਰੀ ਪ੍ਰਧਾਨ ਪ੍ਰਰੇਮ ਸਿੰਘ ਬੰਗੜ ਦੀ ਅਗਵਾਈ 'ਚ ਹੋਈ। ਬੈਠਕ 'ਚ ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਖੇਤੀਬਾੜੀ ਸੁਧਾਰ ਬਿੱਲ ਦੀ ਨਿਖੇਧੀ ਕੀਤੀ ਗਈ। ਆਗੂਆਂ ਨੇ ਕਿਹਾ ਕਿ ਵੱਖ-ਵੱਖ ਕਿਸਾਨ ਤੇ ਆੜ੍ਹਤੀ ਜਥੇਬੰਦੀਆਂ ਇਨ੍ਹਾਂ ਬਿੱਲਾਂ ਦਾ ਵਿਰੋਧ ਕਰ ਰਹੀਆਂ ਹਨ। ਸੰਸਥਾ ਉਨ੍ਹਾਂ ਦਾ ਪੂਰਾ ਸਮਰਥਨ ਕਰਦੀ ਹੈ, ਕਿਉਂਕਿ ਇਨ੍ਹਾਂ ਬਿੱਲਾਂ ਦੇ ਪਾਸ ਹੋਣ ਨਾਲ ਇਕੱਲੇ ਕਿਸਾਨ ਜਾਂ ਆੜ੍ਹਤੀ ਹੀ ਪ੍ਰਭਾਵਿਤ ਨਹੀਂ ਹੋਣਗੇ। ਇਨ੍ਹਾਂ ਦੇ ਨਾਲ ਖੇਤ ਮਜ਼ਦੂਰ ਤੇ ਮੰਡੀਆਂ 'ਚ ਕੰਮ ਕਰਨ ਵਾਲੇ ਲੱਖਾਂ ਮਜ਼ਦੂਰ ਬੇਰੁਜ਼ਗਾਰ ਹੋ ਜਾਣਗੇ, ਪੰਜਾਬ 'ਚ ਲਗਭਗ 158 ਵੱਡੀਆਂ ਤੇ ਛੋਟੀਆਂ ਮੰਡੀਆਂ ਹਨ ਤੇ ਇਨ੍ਹਾਂ 'ਚ ਲਗਭਗ 3 ਲੱਖ ਮਜ਼ਦੂਰ ਕੰਮ ਕਰਦੇ ਹਨ। ਪ੍ਰਧਾਨ ਪ੍ਰਰੇਮ ਸਿੰਘ ਬੰਗੜ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਡੇ-ਵੱਡੇ ਪੂੰਜੀਪਤੀਆਂ ਦੇ ਹੱਥਾਂ ਦੀ ਕਠਪੁਤਲੀ ਬਣੀ ਹੋਈ ਹੈ ਜੋ ਕਿ ਦੇਸ਼ ਦੇ ਹਿੱਤਾਂ ਦੀ ਬਜਾਏ ਇਨ੍ਹਾਂ ਪੂੰਜੀਪਤੀਆਂ ਦੇ ਹਿੱਤਾਂ ਦਾ ਧਿਆਨ ਰੱਖ ਰਹੀ ਹੈ। ਇਨ੍ਹਾਂ ਬਿੱਲਾਂ ਦੇ ਲਾਗੂ ਹੋਣ ਨਾਲ ਆਮ ਲੋਕਾਂ 'ਤੇ ਵਾਧੂ ਬੋਝ ਪਵੇਗਾ ਤੇ ਮਹਿੰਗਾਈ ਵਧੇਗੀ। ਇਸ ਮੌਕੇ ਜਨਰਲ ਸਕੱਤਰ ਕਰਮਜੀਤ ਸਿੰਘ ਸਿਫ਼ਤੀ, ਸੁਪਰਡੈਂਟ ਗੁਰਨਾਮ ਸਿੰਘ, ਅਜਮੇਰ ਸਿੰਘ, ਡਾ. ਰਾਜਵਿੰਦਰ ਸਿੰਘ, ਰਾਜਿੰਦਰ ਸਿੰਘ ਲਿਬੜਾ, ਸੁਰਿੰਦਰ ਸਿੰਘ ਗੋਹ, ਰਮਨਦੀਪ ਸਿੰਘ ਆਦਿ ਹਾਜ਼ਰ ਸਨ।