ਦਿਨ ਚੜ੍ਹਦਿਆਂ ਹੀ ਨਸ਼ਿਆਂ ਦੇ ਸ਼ੱਕ ’ਚ ਕਈ ਫੜੇ
ਜਗਰਾਓਂ ਪੁਲਿਸ ਨੇ ਦਿਨ ਚੜ੍ਹਦਿਆਂ ਹੀ ਨਸ਼ਿਆਂ ਦੇ ਸ਼ੱਕ ਵਿਚ ਕਈ ਫੜੇ
Publish Date: Sat, 06 Dec 2025 08:33 PM (IST)
Updated Date: Sun, 07 Dec 2025 04:12 AM (IST)

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਥਾਣਾ ਸਿਟੀ ਦੀ ਪੁਲਿਸ ਨੇ ਸ਼ਨੀਵਾਰ ਦਿਨ ਚੜ੍ਹਦਿਆਂ ਹੀ ਨਸ਼ਿਆਂ ਲਈ ਬਦਨਾਮ 3 ਇਲਾਕਿਆਂ ਦੀ ਘੇਰਾਬੰਦੀ ਕਰਦਿਆਂ ਕਈ ਸ਼ੱਕੀਆਂ ਨੂੰ ਰਾਊਂਡਅੱਪ ਕਰ ਲਿਆ। ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਮੁਖੀ ਡਾ. ਅੰਕੁਰ ਗੁਪਤਾ ਦੇ ਨਿਰਦੇਸ਼ਾਂ ’ਤੇ ਜਗਰਾਓਂ ਸਬ-ਡਵੀਜ਼ਨ ਦੇ ਡੀਐੱਸਪੀ ਜਸਵਿੰਦਰ ਸਿੰਘ ਢੀਂਡਸਾ ਦੀ ਜ਼ੇਰੇ ਨਿਗਰਾਨੀ ਹੇਠ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਦੀ ਅਗਵਾਈ ’ਚ ਪੁਲਿਸ ਟੀਮ ਨੇ ਨਸ਼ਿਆਂ ਲਈ ਚਰਚਿਤ ਇਲਾਕੇ ਗਾਂਧੀ ਨਗਰ, ਮਾਈ ਜੀਨਾ ਤੇ ਇੰਦਰਾ ਕਾਲੋਨੀ ’ਚ ਅੱਜ ਮੁੜ ਦਸਤਕ ਦਿੰਦਿਆਂ ਤਲਾਸ਼ੀ ਅਭਿਆਨ ਛੇੜਿਆ। ਇਸ ਦੌਰਾਨ ਪੁਲਿਸ ਫੋਰਸ ਨੇ ਘਰ-ਘਰ ਦਸਤਕ ਦਿੰਦਿਆਂ ਤਲਾਸ਼ੀ ਲਈ। ਕਈ ਸ਼ੱਕੀਆਂ ਦੇ ਘਰਾਂ ’ਚ ਸਾਰਾ ਸਮਾਨ ਫਰੋਲਿਆ ਤੇ ਉਨ੍ਹਾਂ ਤੋਂ ਪੁੱਛ ਪੜਤਾਲ ਵੀ ਕੀਤੀ। ਇਸ ਦੌਰਾਨ ਪੁਲਿਸ ਨੂੰ ਦੇਖ ਕੇ ਕਈ ਖਿਸਕ ਰਹੇ ਨੌਜਵਾਨਾਂ ਦਾ ਪਿੱਛਾ ਕਰ ਕੇ ਪੁਲਿਸ ਨੇ ਉਨ੍ਹਾਂ ਨੂੰ ਰਾਊਂਡਅੱਪ ਕਰ ਲਿਆ। ਇਸ ਦੌਰਾਨ ਮੁਹੱਲਿਆਂ ’ਚ ਕੁਝ ਦਿਨਾਂ ਬਾਅਦ ਹੀ ਪੁਲਿਸ ਦੀ ਇਸ ਕਾਰਵਾਈ ਨੂੰ ਲੈ ਕੇ ਭਾਜੜ ਪਈ ਹੋਈ ਸੀ। ਡੀਐੱਸਪੀ ਜਸਵਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਰੋਜ਼ ਹੀ ਇਹ ਕਾਰਵਾਈ ਜਾਰੀ ਰਹੇਗੀ। ਉਨ੍ਹਾਂ ਨਸ਼ਾ ਕਰਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨਸ਼ਾ ਛੱਡਣਾ ਹੈ ਤਾਂ ਇਲਾਜ ਕਰਵਾਉਣ ਲਈ ਉਨ੍ਹਾਂ ਦਾ ਸਾਥ ਦੇਵੇਗੀ ਪਰ ਨਸ਼ਾ ਖ਼ਰੀਦਣ ਤੇ ਵੇਚਣ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਜਾਰੀ ਰਹੇਗੀ। ਉਨ੍ਹਾਂ ਮੁਹੱਲੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਨਸ਼ਿਆਂ ਖ਼ਿਲਾਫ਼ ਪੁਲਿਸ ਮੁਹਿੰਮ ਦਾ ਜਿੱਥੇ ਸਹਿਯੋਗ ਕਰਨ, ਉਥੇ ਆਪਣੇ ਇਲਾਕੇ ’ਚ ਨਸ਼ਿਆਂ ’ਚ ਫਸੇ ਨੌਜਵਾਨਾਂ ਨੂੰ ਇਲਾਜ ਲਈ ਪ੍ਰੇਰਿਤ ਕਰ ਕੇ ਪੁਲਿਸ ਕੋਲ ਆਉਣ, ਉਨ੍ਹਾਂ ਦਾ ਮੁਫਤ ਇਲਾਜ ਕਰਵਾਇਆ ਜਾਵੇਗਾ। ਥਾਣਾ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੀ ਮੁਹਿੰਮ ਦੌਰਾਨ ਰਾਊਂਡਅੱਪ ਕੀਤੇ ਸ਼ੱਕੀ ਵਿਅਕਤੀਆਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਬਾਕਸ-- ਚਿੱਤ ਘਬਰਾਉਂਦਾ ਸੀ, ਠੀਕ ਕਰਨ ਲਈ ਪੈੱਗ ਲਾਉਣਾ ਜਗਰਾਓਂ ਪੁਲਿਸ ਵੱਲੋਂ ਨਸ਼ਾ ਤਸਕਰੀ ਖ਼ਿਲਾਫ਼ ਛੇੜੀ ਤਲਾਸ਼ੀ ਮੁਹਿੰਮ ਦੌਰਾਨ ਇੱਕ ਵਿਅਕਤੀ ਕੋਲੋਂ ਸ਼ਰਾਬ ਦੀ ਬੋਤਲ ਬਰਾਮਦ ਹੋਈ, ਜਿਸ ’ਤੇ ਪੁਲਿਸ ਨੇ ਤੜਕੇ ਹੀ ਸ਼ਰਾਬ ਲੈ ਕੇ ਆਉਣ ਦਾ ਕਾਰਨ ਪੁੱਛਿਆ ਤਾਂ ਉਕਤ ਵਿਅਕਤੀ ਨੇ ਦੱਸਿਆ ਕਿ ਚਿੱਤ ਘਬਰਾਉਂਦਾ ਸੀ, ਠੀਕ ਕਰਨ ਲਈ ਪੈੱਗ ਲਾਉਣ ਨੂੰ ਬੋਤਲ ਲੈ ਕੇ ਆਇਆ ਹਾਂ।