ਸੰਜੀਵ ਗੁਪਤਾ, ਜਗਰਾਓਂ

ਜਗਰਾਓਂ ਦੇ ਪ੍ਰਸਿੱਧ ਰੌਸ਼ਨੀ ਮੇਲੇ 'ਚ ਲੋਕਾਂ ਦੇ ਮਨੋਰੰਜਨ ਲਈ ਲੱਗੇ ਝੂਲੇ ਵੱਡੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਹਵਾ ਵਿਚ ਘੁੰਮਦੇ ਇਨ੍ਹਾਂ ਝੂਲਿਆਂ 'ਤੇ ਝੁਲਣ ਵਾਲੇ ਸੁਰੱਖਿਆ ਨਿਯਮਾਂ ਨੂੰ ਿਛੱਕੇ ਟੰਗ ਕੇ ਖੜ੍ਹੇ ਹੋ ਕੇ ਮਸਤੀ ਕਰਦਿਆਂ, ਸੈਲਫੀਆਂ ਬਨਾਉਂਦਿਆਂ ਅਤੇ ਭੰਗੜਾ ਪਾਉਂਦਿਆਂ ਮੌਤ ਨੂੰ ਮਖੌਲ ਕਰਦੇ ਨਜ਼ਰ ਆਉਂਦੇ ਹਨ। ਮਸਤੀ 'ਚ ਨੌਜਵਾਨੀ ਨੂੰ ਰੋਕਣ ਦੀ ਥਾਂ ਮੋਟੀ ਕਮਾਈ ਦੇ ਲਾਲਚ ਵਿਚ ਝੂਲਾ ਪ੍ਰਬੰਧਕ ਵੀ ਇਸ ਖਤਰਨਾਕ ਖੇਡ ਦਾ ਹੱਕ ਪੂਰਦੇ ਹਨ। ਪ੍ਰਰਾਪਤ ਜਾਣਕਾਰੀ ਅਨੁਸਾਰ ਸਥਾਨਕ ਪੀਰ ਬਾਬਾ ਮੋਹਕਮਦੀਨ ਦੀ ਦਰਗਾਹ 'ਤੇ ਲੱਗਦੇ ਰੌਸ਼ਨੀ ਮੇਲੇ 'ਚ ਵੱਡੀ ਗਿਣਤੀ 'ਚ ਸੰਗਤਾਂ ਦੀ ਆਮਦ 'ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਥਾਨਕ ਡਿਸਪੋਜਲ ਰੋਡ 'ਤੇ ਵੱਖ ਵੱਖ ਦਰਜਨਾਂ ਝੂਲੇ ਲੱਗੇ ਹੋਏ ਹਨ। ਜਿਨ੍ਹਾਂ 'ਤੇ ਵੱਡੀ ਗਿਣਤੀ 'ਚ ਲੋਕ ਝੁਲਿਆਂ ਦਾ ਆਨੰਦ ਮਾਣਦੇ ਹਨ। ਇਸ ਸੜਕ 'ਤੇ ਲੱਗੇ ਚੰਡੋਲ, ਕਿਸ਼ਤੀ, ਸਨੇਕ ਰਾਈਡਿੰਗ, ਮਿੱਕੀ-ਮਾਊਸ ਸਮੇਤ ਇੱਕ ਦਰਜਨ ਝੂਲਿਆਂ ਵਿਚੋਂ ਕੁਝ ਝੂਲਿਆਂ ਦੀ ਰਫ਼ਤਾਰ ਤੇਜ਼ ਅਤੇ ਟੇਡੀ ਮੇਢੀ ਹੋਣ ਕਾਰਨ ਨਿਯਮਾਂ ਅਨੁਸਾਰ ਇਸ ਦੀਆਂ ਸੀਟਾਂ ਤੇ ਬੈਠਣਾ ਜ਼ਰੂਰੀ ਹੁੰਦਾ ਹੈ ਅਤੇ ਝੂਲਾ ਮੁਲਾਜ਼ਮਾਂ ਵੱਲੋਂ ਝੂਲਾ ਝੂਲਣ ਵਾਲਿਆਂ ਨੂੰ ਬਿਠਾਉਣ ਮੌਕੇ ਸੇਫਟੀ ਬੈਲਟਾਂ ਲਗਾਉਣੀਆਂ ਜ਼ਰੂਰੀ ਹੁੰਦੀਆਂ ਹਨ ਪਰ ਮੇਲੇ ਦੀ ਮਸਤੀ ਵਿਚ ਖਾਸ ਕਰ ਨੌਜਵਾਨ ਪੀੜ੍ਹੀ ਜਿਨ੍ਹਾਂ ਵਿਚ ਕੁੜੀਆਂ ਵੀ ਸ਼ਾਮਲ ਹਨ, ਸੀਟ ਬੈਲਟ ਲਗਾਉਣਾ ਤਾਂ ਦੂਰ ਦੀ ਗੱਲ,ਉਹ ਸੀਟਾਂ 'ਤੇ ਵੀ ਨਹੀਂ ਬੈਠਦੇ ਅਤੇ ਝੂਲਿਆਂ 'ਤੇ ਖੜ੍ਹੇ ਹੋ ਕੇ ਮਸਤੀ ਕਰਦੇ ਵੀਡੀਓ ਅਤੇ ਸੈਲਫੀਆਂ ਬਨਾਉਂਦੇ ਹਨ। ਆਮ ਵਿਅਕਤੀ ਝੂਲਿਆਂ ਦੀ ਰਫਤਾਰ ਦੇਖ ਕੇ ਘਬਰਾ ਜਾ ਜਾਂਦਾ ਹੈ ਪਰ ਇਹ ਲੋਕ ਝੂਲਿਆਂ 'ਤੇ ਮਸਤੀ ਕਰਦੇ ਹੋਏ ਮੌਤ ਨੂੰ ਮਖੌਲ ਕਰਦੇ ਹਨ। ਇਸ ਸਭ ਦੇ ਬਾਵਜੂਦ ਝੂਲੇ ਦੇ ਮਾਲਕ ਅਤੇ ਸਟਾਫ਼ ਨਿਯਮਾਂ ਨੂੰ ਿਛੱਕੇ ਟੰਗਣ ਵਾਲੇ ਗਾਹਕਾਂ ਨੂੰ ਰੋਕਣ ਦੀ ਥਾਂ ਅਜਿਹੀ ਮਸਤੀ ਕਰਨ ਦੀ ਇਜਾਜਤ ਦਿੰਦੇ ਹੋਏ ਮੋਟੀ ਕਮਾਈ ਦੇ ਲਾਲਚ ਵਿਚ ਖੁਦ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ।

-----

ਚਿਤਾਵਨੀ ਦਿੱਤੀ ਗਈ ਹੈ ਹੁਣ ਹੋਵੇਗੀ ਕਾਰਵਾਈ

ਤਹਿਸੀਲਦਾਰ ਮਨਮੋਹਨ ਕੌਸ਼ਿਕ ਨੇ ਦੱਸਿਆ ਕਿ ਝੂਲੇ ਵਾਲਿਆਂ ਨੂੰ ਨਿਯਮਾਂ 'ਤੇ ਪਹਿਰਾ ਦੇਣ ਦੀ ਚਿਤਾਵਨੀ ਦਿੱਤੀ ਜਾਂਦੀ ਹੈ। ਉਹ ਅੱਜ 'ਪੰਜਾਬੀ ਜਾਗਰਣ' ਰਾਹੀਂ ਉਨ੍ਹਾਂ ਨੂੰ ਸੰਗਤ ਨੂੰ ਬਿਨ੍ਹਾਂ ਸੇਫਟੀ ਦੇ ਝੂਲੇ ਝੁਲਣ ਨਾ ਦੇਣ ਦੀ ਹਦਾਇਤ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਹੁਣ ਅਜਿਹਾ ਹੋਇਆ ਤਾਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

-----

ਅੱਜ ਹੀ ਖੁਦ ਚੈੱਕ ਕਰਾਂਗਾ

ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਜਗਜੀਤ ਸਿੰਘ ਨੇ ਕਿਹਾ ਕਿ ਉਹ ਇਸ ਸਬੰਧੀ ਅੱਜ ਹੀ ਖੁਦ ਚੈੱਕ ਕਰਨਗੇ ਅਤੇ ਅਜਿਹਾ ਹੋਇਆ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।