ਸੰਜੀਵ ਗੁਪਤਾ, ਜਗਰਾਓਂ : ਜਗਰਾਓਂ ਦੇ ਇਕ ਪਿੰਡ ਵਿਚ ਇੱਕ ਤਰਫਾ ਪਿਆਰ ’ਚ ਪਾਗਲ ਪ੍ਰੇਮੀ ਵੱਲੋਂ ਦੋਸਤ ਦੀ ਮੰਗਣੀ ਕਿਧਰੇ ਹੋਰ ਹੋਣ ’ਤੇ ਦੋਸਤਾਂ ਨਾਲ ਮਿਲ ਕੇ ਉਸ ਨੂੰ ਫਿਲਮੀ ਸਟਾਈਲ ਵਿਚ ਅਗਵਾ ਕਰ ਕੇ ਫਰਾਰ ਹੋ ਗਏ। ਇਸ ਘਟਨਾ ਦਾ ਵਿਰੋਧ ਕਰ ਰਹੇ ਮੁਟਿਆਰ ਦੇ ਭਰਾ ਨੂੰ ਜ਼ਖ਼ਮੀ ਕਰ ਗਏ। ਪੁਲਿਸ ਚੌਕੀ ਗ਼ਾਲਿਬ ਕਲਾਂ ਦੀ ਪੁਲਿਸ ਨੇ ਹਰਕਤ 'ਚ ਆਉਂਦਿਆਂ ਕੁਝ ਘੰਟਿਆਂ ਬਾਅਦ ਹੀ ਅਗਵਾ ਕੀਤੀ ਮੁਟਿਆਰ ਨੂੰ ਚੰਡੀਗੜ੍ਹ ਰੋਡ, ਨੀਲੋ ਪੁਲ਼ ਤੋਂ ਬਰਾਮਦ ਕਰ ਲਿਆ।

ਜਾਣਕਾਰੀ ਅਨੁਸਾਰ ਜਗਰਾਓਂ ਦੇ ਇਕ ਪਿੰਡ ਦੀ ਮੁਟਿਆਰ ਚੰਡੀਗੜ੍ਹ ਵਿਖੇ ਆਈਲੈਟਸ ਕਰਦੀ ਸੀ, ਜਿੱਥੇ ਉਸ ਦੀ ਜਾਣ- ਪਛਾਣ ਖਮਾਣੋਂ ਦੇ ਪਿੰਡ ਲਖਣਪੁਰ ਵਾਸੀ ਗੁਰਮਨਿੰਦਰ ਸਿੰਘ ਪੁੱਤਰ ਮੇਜਰ ਸਿੰਘ ਨਾਲ ਹੋ ਗਈ। ਗੁਰਮਨਿੰਦਰ ਮੁਟਿਆਰ ਨੂੰ ਇੱਕ ਤਰਫਾ ਪਿਆਰ ਕਰਦਾ ਸੀ ਅਤੇ ਉਸ ਨੇ ਉਸ ਨੂੰ ਵਿਆਹ ਲਈ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਜਿਸ ’ਤੇ ਮੁਟਿਆਰ ਨੇ ਉਸ ਨੂੰ ਵਿਆਹ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਮੁਟਿਆਰ ਦੀ ਮੰਗਣੀ ਵਿਦੇਸ਼ ਰਹਿੰਦੇ ਨੌਜਵਾਨ ਨਾਲ ਕਰ ਦਿੱਤੀ।

ਜਦੋਂ ਗੁਰਮਨਿੰਦਰ ਸਿੰਘ ਨੂੰ ਮੁਟਿਆਰ ਦੀ ਮੰਗਣੀ ਤਾਂ ਪਤਾ ਲੱਗਾ ਤਾਂ ਉਸ ਨੇ ਇਕ ਤਰਫਾ ਪਿਆਰ ’ਚ ਭੜਕਦਿਆਂ ਫਿਲਮੀ ਸਟਾਈਲ ਵਿਚ ਹਥਿਆਰਾਂ ਨਾਲ ਲੈਸ ਹੋ ਕੇ ਆਪਣੇ 5 ਦੋਸਤਾਂ ਨਾਲ ਕਾਲੇ ਰੰਗ ਦੀ ਕਰੂਜ਼ ਕਾਰ ’ਤੇ ਜਗਰਾਓਂ ਦੇ ਲਾਗਲੇ ਪਿੰਡ ਆ ਗਿਆ। ਜਿੱਥੇ ਮੁਟਿਆਰ ਆਪਣੇ ਭਰਾ ਨਾਲ ਗੁਰਦੁਆਰਾ ਸਾਹਿਬ ਜਾ ਰਹੀ ਸੀ ਤਾਂ ਉਕਤ ਨੇ ਕਾਰ ਰੋਕ ਕੇ ਉਨ੍ਹਾਂ ਨੂੰ ਘੇਰਾ ਪਾਉਣ ਦੀ ਕੋਸ਼ਿਸ ਕੀਤੀ ਤਾਂ ਮੁਟਿਆਰ ਅਤੇ ਉਸ ਦਾ ਭਰਾ ਨੇੜਲੇ ਇਕ ਘਰ ਦੇ ਕਮਰੇ ਵਿਚ ਵੜ ਗਏ। ਗੁਰਮਨਿੰਦਰ ਨੇ ਆਪਣੇ ਹੱਥ ਵਿਚ ਫੜੇ ਦਾਤ ਨੂੰ ਲਹਿਰਾਉਂਦਿਆਂ ਮੁਟਿਆਰ ਨੂੰ ਜ਼ਬਰਦਸਤੀ ਕਮਰੇ 'ਚੋਂ ਕੱਢ ਲਿਆ। ਵਿਰੋਧ ਕਰਨ ’ਤੇ ਉਸ ਦੇ ਭਰਾ ’ਤੇ ਧਾਵਾ ਬੋਲ ਕੇ ਜ਼ਖ਼ਮੀ ਕਰ ਦਿੱਤਾ। ਇਸ ਦੇ ਨਾਲ ਹੀ ਉਹ ਮੁਟਿਆਰ ਨੂੰ ਗੱਡੀ ਵਿਚ ਬਿਠਾ ਕੇ ਫਰਾਰ ਹੋ ਗਏ।

ਜ਼ਖ਼ਮੀ ਭਰਾ ਨੇ ਇਸ ਘਟਨਾ ਦੀ ਜਿੱਥੇ ਪਰਿਵਾਰ ਨੂੰ ਜਾਣਕਾਰੀ ਦਿੱਤੀ, ਉੱਥੇ ਹੀ ਪੁਲਿਸ ਚੌਕੀ ਗਾਲਿਬ ਕਲਾਂ ਪਹੁੰਚ ਕੇ ਸ਼ਿਕਾਇਤ ਕੀਤੀ। ਸ਼ਿਕਾਇਤ ਮਿਲਦਿਆਂ ਹੀ ਚੌਕੀ, ਚੌਕੀ ਮੁਖੀ ਸੁਰਜੀਤ ਸਿੰਘ ਨੇ ਅਗਵਾ ਦੀ ਸੀਸੀਟੀਵੀ ਫੁਟੇਜ ਹਾਸਲ ਕਰਦਿਆਂ ਹੀ ਪੁਲਿਸ ਪਾਰਟੀ ਸਮੇਤ ਅਗਵਾ ਕੀਤੀ ਮੁਟਿਆਰ ਦੀ ਭਾਲ ਵਿਚ ਜੁਟ ਗਏ। ਪੁਲਿਸ ਦੇ ਡਰੋਂ ਪੰਜੋਂ ਕਾਰ ਸਵਾਰ ਮੁਟਿਆਰ ਨੂੰ ਨੀਲੋ ਪੁਲ਼ ਨੇੜੇ ਉਤਾਰ ਕੇ ਫਰਾਰ ਹੋ ਗਏ। ਇਸ ਮਾਮਲੇ 'ਚ ਚੌਕੀ ਇੰਚਾਰਜ ਸੁਰਜੀਤ ਸਿੰਘ ਨੇ ਦੱਸਿਆ ਕਿ ਪੀੜਤਾ ਦੀ ਮਾਂ ਦੇ ਬਿਆਨਾਂ ’ਤੇ ਅਗਵਾ ਕਰਨ ਵਾਲੇ ਗੁਰਮਨਿੰਦਰ ਸਿੰਘ ਪੁੱਤਰ ਮੇਜਰ ਸਿੰਘ, ਕਰਨ ਸਿੰਘ ਵਾਸੀ ਸੋਸਪੁਰ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ।

Posted By: Seema Anand