ਜੇਐੱਨਐੱਨ, ਲੁਧਿਆਣਾ

ਭਾਵੇਂ ਰੇਲਵੇ ਵਿਭਾਗ ਨੇ ਟਰੈਫਿਕ ਪੁਲਿਸ ਤੋਂ ਪੰਜ ਦਿਨਾਂ ਲਈ ਜਗਰਾਓਂ ਪੁਲ ਨੂੰ ਬੰਦ ਕਰਨ ਦਾ ਵਕਤ ਮੰਗਿਆ ਸੀ ਪਰ ਵੀਰਵਾਰ ਨੂੰ ਜਗਰਾਓਂ ਪੁਲ਼ ਬੰਦ ਰੱਖਣ ਦਾ ਸੱਤਵਾਂ ਦਿਨ ਸੀ। ਉਸ ਦੇ ਬਾਵਜੂਦ ਪੁਲ਼ ਦਾ ਢਾਂਚਾ ਟਸ ਤੋਂ ਮਸ ਨਾ ਹੋਇਆ। ਰਸਤਾ ਬੰਦ ਹੋਣ ਕਾਰਨ ਆਮ ਲੋਕਾਂ ਤੇ ਵਾਹਨ ਚਾਲਕਾਂ ਨੂੰ ਦਿਨ ਭਰ ਪਰੇਸ਼ਾਨੀ ਝੱਲਣੀ ਪਈ। ਪਹਿਲੇ ਦਿਨ 5 ਦਸੰਬਰ ਨੂੰ ਟਰੈਫਿਕ ਦੇ ਜਿਹੋ ਜਿਹੇ ਹਾਲਾਤ ਸਨ, ਐਨ ਉਹੋ ਜਿਹੀ ਸੂਰਤੇਹਾਲ ਵੀਰਵਾਰ ਨੂੰ ਬਣੀ ਰਹੀ। ਫੁਆਰਾ ਚੌਕ, ਦਮੋਰੀਆ ਪੁਲ਼ ਤੇ ਲੱਕੜ ਪੁਲ਼ 'ਤੇ ਵਾਹਨ ਰੀਂਘਦੇ ਨਜ਼ਰ ਆਏ। ਫਿਰੋਜ਼ਪੁਰ ਰੋਡ ਤੋਂ ਲੋਕ ਅੱਡੇ ਵਾਲੇ ਪਾਸੇ ਜਾਣ ਵਾਲੇ ਲੋਕਾਂ ਨੂੰ ਪੈਦਲ ਆਪਣੇ ਮੰਜ਼ਲ ਵੱਲ ਜਾਣਾ ਪਿਆ। ਮਾਤਾ ਰਾਣੀ ਚੌਕ ਤੋਂ ਨਿਕਲਣ ਲਈ ਵਾਹਨ ਚਾਲਕ ਘੰਟਿਆਂ ਤਕ ਸੰਘਰਸ਼ ਕਰਦੇ ਰਹੇ। ਜਗਰਾਓਂ ਪੁਲ਼ ਨੂੰ ਬੰਦ ਕਰਨ ਦਾ ਸਮਾਂ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤਕ ਦਾ ਸੀ। ਹਾਲਾਂਕਿ ਸ਼ਾਮੀਂ 6 ਵਜੇ ਤਕ ਵੀ ਉਹ ਰਸਤਾ ਖੋਲਿ੍ਹਆ ਨਹੀਂ ਗਿਆ। ਤੇਜ਼ ਹੋ ਰਹੀ ਬਾਰਿਸ਼ ਦੌਰਾਨ ਲੋਕ ਭਾਰਤ ਨਗਰ ਚੌਕ ਤੋਂ ਫੁਆਰਾ ਚੌਕ ਇਸ ਕਰ ਕੇ ਨਹੀਂ ਗਏ ਕਿਉਕਿ ਉਨ੍ਹਾਂ ਨੂੰ ਲੱਗਿਆ ਕਿ 6 ਵਜੇ ਤਾਂ ਰਸਤਾ ਖੁੱਲ੍ਹ ਹੀ ਗਿਆ ਹੋਊਗਾ ਪਰ ਦੁਰਗਾ ਮਾਤਾ ਮੰਦਰ ਚੌਕ ਲਾਗੇ ਪਹੁੰਚ ਕੇ ਉਨ੍ਹਾਂ ਨੂੰ ਮਾਯੂਸ ਹੋ ਕੇ ਪਰਤਣਾ ਪਿਆ। ਇਸ ਸਾਰੇ ਮਾਮਲੇ ਵਿਚ ਟਰੈਫਿਕ ਪੁਲਿਸ ਤੇ ਰੇਲਵੇ ਦੀ ਵੱਡੀ ਲਾਪਰਵਾਹੀ ਜੱਗਜ਼ਾਹਰ ਹੋ ਗਈ ਹੈ।