ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਸੁਤੰਤਰਤਾ ਦਿਵਸ ਤੋਂ ਇੱਕ ਦਿਨ ਪਹਿਲਾਂ ਜਿਥੇ ਪੂਰਾ ਪੁਲਿਸ ਵਿਭਾਗ ਸੁਰੱਖਿਆ ਨੂੰ ਲੈ ਪੂਰੀ ਤਰ੍ਹਾਂ ਚੌਕਸ ਸੀ, ਉੱਥੇ ਪੈਰਾ ਮਿਲਟਰੀ ਫੋਰਸ ਦੀ ਇੱਕ ਟੁਕੜੀ ਸੁੱਤੀ ਪਈ ਪਾਈ ਗਈ। ਜਾਂਚ ਤੋਂ ਬਾਅਦ ਪੁਲਿਸ ਕਮਿਸ਼ਨਰ ਕੌਸ਼ਤੁਭ ਸ਼ਰਮਾ ਨੇ ਪਾਇਆ ਕਿ ਇਸ ਮਾਮਲੇ ਵਿਚ ਥਾਣਾ ਸਰਾਭਾ ਨਗਰ ਦੇ ਐਸਐਚਓ ਹਰਪ੍ਰੀਤ ਸਿੰਘ ਦੀ ਅਣਗਹਿਲੀ ਹੈ, ਜਿਸ ਤੋਂ ਬਾਅਦ ਹਰਪ੍ਰੀਤ ਸਿੰਘ ਦਾ ਤਬਾਦਲਾ ਪੁਲਿਸ ਲਾਈਨ ਵਿੱਚ ਕਰ ਦਿੱਤਾ ਗਿਆ। ਪੁਲਿਸ ਕਮਿਸ਼ਨਰ ਨੇ ਆਖਿਆ ਕਿ ਵਿਭਾਗ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਖ਼ੁਫੀਆ ਸੂਚਨਾਵਾਂ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਸ਼ਹਿਰ ਵਿੱਚ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਹੋਏ ਸਨ। ਪੈਰਾ ਮਿਲਟਰੀ ਬਲ ਵੀ ਸ਼ਹਿਰ ਵਿੱਚ ਤਾਇਨਾਤ ਕੀਤੇ ਗਏ ਸਨ ਤਾਂ ਜੋ ਗਸ਼ਤ ਡਿਊਟੀ ਵਿੱਚ ਪੁਲਿਸ ਦੀ ਮਦਦ ਕੀਤੀ ਜਾ ਸਕੇ ਅਤੇ ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖੀ ਜਾ ਸਕੇ। ਪੈਰਾ ਮਿਲਟਰੀ ਫੋਰਸ ਦੀਆਂ ਟੀਮਾਂ ਉਨ੍ਹਾਂ ਦੀ ਮਦਦ ਲੈਣ ਲਈ ਥਾਣਿਆਂ ਨੂੰ ਸੌਂਪੀਆਂ ਗਈਆਂ ਸਨ।

ਐਤਵਾਰ ਰਾਤ ਨੂੰ ਸੀਨੀਅਰ ਅਧਿਕਾਰੀ ਚੈਕਿੰਗ ਕਰ ਰਹੇ ਸਨ ਤਾਂ ਉਨ੍ਹਾਂ ਨੇ ਪੈਰਾ ਮਿਲਟਰੀ ਫੋਰਸ ਦੀ ਇਕ ਟੁਕੜੀ ਨੂੰ ਸੁੱਤੇ ਪਾਇਆ ਗਿਆ। ਪੁੱਛਣ 'ਤੇ ਟੀਮ ਨੇ ਦੱਸਿਆ ਕਿ ਸਬੰਧਤ ਥਾਣੇ ਨੇ ਗਸ਼ਤ ਲਈ ਉਨ੍ਹਾਂ ਨਾਲ ਕੋਈ ਸਥਾਨਕ ਅਧਿਕਾਰੀ ਤਾਇਨਾਤ ਨਹੀਂ ਕੀਤਾ ਹੈ। ਉਹ ਗਾਈਡ ਦੀ ਉਡੀਕ ਕਰ ਰਹੇ ਹਨ ਅਤੇ ਉਡੀਕ ਕਰਦੇ ਹੋਏ ਸੌਂ ਗਏ। ਪੁਲਿਸ ਕਮਿਸ਼ਨਰ ਨੇ ਤਫ਼ਤੀਸ਼ ਕਰਦਿਆਂ ਐੱਸਐੱਚਓ ਦਾ ਤੁਰੰਤ ਤਬਾਦਲਾ ਕਰ ਦਿੱਤਾ ।

ਇਸੇ ਤਰ੍ਹਾਂ ਇੱਕ ਮਾਲ ਅਧਿਕਾਰੀ ਨਾਲ ਝਗੜੇ ਦੇ ਚੱਲਦਿਆਂ ਪੀਏਯੂ ਥਾਣਾ ਦੇ ਐੱਸਐੱਚਓ ਇੰਸਪੈਕਟਰ ਸਤਪਾਲ ਸਿੰਘ ਨੂੰ ਵੀ ਪੁਲਿਸ ਲਾਈਨ ਟਰਾਂਸਫਰ ਕਰ ਦਿੱਤਾ ਗਿਆ।

Posted By: Jagjit Singh