ਸੰਜੀਵ ਗੁਪਤਾ, ਕੌਸ਼ਲ ਮੱਲ੍ਹਾ, ਜਗਰਾਓਂ/ਹਠੂਰ

ਇਲਾਕੇ ਵਿੱਚ ਕੋਰੋਨਾ ਵਾਇਰਸ ਦੇ ਪੀੜ੍ਹਤਾਂ ਨੂੰ ਆਈਸੋਲੈਟ ਕਰਨ ਲਈ ਹਠੂਰ ਸਿਵਲ ਹਸਪਤਾਲ ਵਿਖੇ ਸਥਾਪਤ ਕੀਤੇ ਗਏ ਆਈਸੋਲੈਸ਼ਨ ਸੈਟਰ 'ਚ ਪ੍ਰਬੰਧਾਂ ਦਾ ਇੰਤਜਾਮ ਕੀਤਾ ਜਾ ਰਿਹਾ ਹੈ। ਮੰਗਲਵਾਰ ਨੂੰ ਐੱਸਡੀਐੱਮ ਡਾ. ਬਲਜਿੰਦਰ ਸਿੰਘ ਿਢੱਲੋਂ ਦੀ ਜੇਰੇ ਨਿਗਰਾਨੀ ਵਿਚ ਤਹਿਸੀਲਦਾਰ ਮਨਮੋਹਨ ਕੌਸ਼ਿਕ ਨੇ ਹਠੂਰ ਵਿਖੇ ਆਈਸੋਲੇਸ਼ਨ ਸੈਂਟਰ ਦਾ ਦੌਰਾ ਕੀਤਾ। ਉਨ੍ਹਾਂ ਇਸ ਦੌਰਾਨ ਸੈਂਟਰ ਦੇ ਪ੍ਰਬੰਧਕਾਂ ਅਤੇ ਮੈਂਬਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਆਈਸੋਲੇਸ਼ਨ ਸੈਂਟਰ ਨੂੰ ਚਲਾਉਣ ਲਈ ਸਿਹਤ ਸੁਵਿਧਾਵਾਂ ਨਾਲ ਜੁੜੀਆਂ ਵਸਤਾਂ ਦੀ ਵਿਚਾਰ ਚਰਚਾ ਕੀਤੀ ਗਈ। ਇਸ ਦੌਰਾਨ ਇਸ ਸੈਂਟਰ ਵਿਚ 27 ਬੈੱਡ ਲਗਾਏ ਜਾ ਚੁੱਕੇ ਹਨ, ਜਦ ਕਿ 23 ਹੋਰ ਬੈੱਡ ਲਗਾਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਹਸਪਤਾਲ ਵਿਚ 7 ਡਾਕਟਰ ਅਤੇ 5 ਨਰਸਾਂ ਦਾ ਸਟਾਫ਼ ਹੈ, ਜੋ ਰੋਟੇਸ਼ਨ ਸਿਸਟਮ ਰਾਹੀਂ 24 ਘੰਟੇ ਸੈਂਟਰ ਤੇ ਡਿਊਟੀਆਂ ਨਿਭਾਉਣਗੇ। ਇਸ ਮੌਕੇ ਤਹਿਸੀਲਦਾਰ ਮਨਮੋਹਨ ਕੌਸ਼ਿਕ ਨੇ ਕਿਹਾ ਕਿ ਆਈਸੋਲੇਸ਼ਨ ਸੈਂਟਰ ਅੱਜ ਤੋਂ ਕੰਮ ਕਰਨ ਲੱਗ ਪਿਆ ਹੈ। ਇਥੇ ਵਾਇਰਸ ਦੇ ਪੀੜ੍ਹਤਾਂ ਨੂੰ ਆਈਸੋਲੇਟ ਅਤੇ ਇਲਾਜ ਲਈ ਰੱਖਿਆ ਜਾਵੇਗਾ। ਇਸ ਦੇ ਲਈ ਲੋੜੀਂਦੀਆਂ ਦਵਾਈਆਂ ਅਤੇ ਹੋਰ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਐੱਸਐੱਮਓ ਡਾ. ਰਿਪਜੀਤ ਕੌਰ ਆਦਿ ਹਾਜ਼ਰ ਸਨ।