ਐੱਸਪੀ ਜੋਸ਼ੀ, ਲੁਧਿਆਣਾ: ਸ਼ਨਿਚਰਵਾਰ ਸਵੇਰ ਤੜਕਸਾਰ ਪੁਲਿਸ ਨੇ ਲੁਧਿਆਣਾ 'ਚ ਸਰਗਰਮ ਅੰਤਰਰਾਜੀ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ। ਇਸ ਕਾਰਵਾਈ ਦੌਰਾਨ ਪਹਿਲਾਂ ਤੋਂ ਜ਼ਮਾਨਤ 'ਤੇ ਚੱਲ ਰਹੀ ਗਿਰੋਹ ਮੁਖੀ, 10 ਲੜਕੀਆਂ ਸਮੇਤ 14 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ। ਉਕਤ ਔਰਤ ਕੋਵਿਡ ਦੌਰਾਨ ਲੋੜਵੰਦ ਬੇਰੁਜ਼ਗਾਰ ਲੜਕੀਆਂ ਨੂੰ ਦੇਹ-ਵਪਾਰ ਦੇ ਧੰਦੇ ਵਿੱਚ ਲਗਾਉਂਦੀ ਸੀ। ਦੇਹ ਵਪਾਰ ਵਿੱਚ ਸ਼ਾਮਲ ਇਹ ਲੜਕੀਆਂ ਨੇਪਾਲ, ਕੇਰਲਾ, ਹਿਮਾਚਲ ਪ੍ਰਦੇਸ਼, ਹਰਿਆਣਾ, ਉਤਰਾਖੰਡ, ਚੰਡੀਗੜ੍ਹ ਅਤੇ ਅੰਮਿ੍ਤਸਰ ਨਾਲ ਸਬੰਧਤ ਹਨ ਅਤੇ ਅਗਲੇਰੀ ਜਾਂਚ ਜਾਰੀ ਹੈ। ਇਸ ਕਾਰਵਾਈ ਦੀ ਅਗਵਾਈ ਏਡੀਸੀਪੀ ਲੁਧਿਆਣਾ ਰੁਪਿੰਦਰ ਕੌਰ ਸਰਾਂ ਨੇ ਕੀਤੀ।

ਮੁੱਖ ਮੁਲਜ਼ਮ ਦੀ ਪਛਾਣ ਮਨਜੀਤ ਕੌਰ ਉਰਫ ਪੰਮੀ ਆਂਟੀ ਵਜੋਂ ਹੋਈ ਹੈ ਜੋ ਗਲੀ ਨੰਬਰ 10 ਨਿਊ ਸੁਭਾਸ਼ ਨਗਰ ਦੀ ਵਸਨੀਕ ਹੈ ਅਤੇ ਉਸ ਨੂੰ ਸਾਲ 2018 ਵਿਚ ਥਾਣਾ ਜੋਧੇਵਾਲ ਵਿਖੇ ਦਰਜ ਇਸੇ ਤਰ੍ਹਾਂ ਦੇ ਇੱਕ ਹੋਰ ਕੇਸ ਵਿਚ ਗਿ੍ਫਤਾਰ ਵੀ ਕੀਤਾ ਗਿਆ ਸੀ।

ਏਡੀਸੀਪੀ ਨੇ ਦੱਸਿਆ ਕਿ ਮੁਲਜ਼ਮਾਂ ਕੋਲੋ ਪਾਬੰਦੀਸ਼ੁਦਾ ਨਸ਼ੀਲੇ ਪਦਾਰਥ ਈਟੀਜੋਲਮ ਅਤੇ ਐਸਕੀਟਲੋਪਰਮ ਔਕਜ਼ਲੇਟ ਦੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ, ਜਿਨਾਂ ਨੂੰ ਸਪਲਾਈ ਦੇ ਸਰੋਤ ਦਾ ਪਤਾ ਲਾਉਣ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ।

ਮੁੱਢਲੀ ਜਾਂਚ ਦੌਰਾਨ ਦੂਜੇ ਸ਼ਹਿਰਾਂ ਵਿੱਚ ਵੀ ਇਸੇ ਤਰ੍ਹਾਂ ਦੇ ਕਾਰਕੁੰਨਾਂ ਦੇ ਨਾਂ ਸਾਹਮਣੇ ਆਏ ਹਨ, ਜਿਨਾਂ ਵਿੱਚ ਮੁੱਖ ਮੁਲਜ਼ਮ ਅਤੇ ਸਬੰਧਿਤ ਕੁੜੀਆਂ ਇੱਕ ਦੂਜੇ ਦੇ ਸੰਪਰਕ ਵਿੱਚ ਸਨ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਸਾਰੇ ਪੱਖਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਹੋਰ ਗਿ੍ਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ। ਇਸ ਮਾਮਲੇ ਵਿਚ ਥਾਣਾ ਟਿੱਬਾ ਵਿਖੇ ਇਮੋਰਟਲ ਟ੍ਰੈਫਿਕ ਰੋਕਥਾਮ ਐਕਟ 1956 ਦੀ ਧਾਰਾ 3,4 ਅਤੇ 5 ਤਹਿਤ ਮੁਕੱਦਮਾ ਨੰਬਰ 46, ਮਿਤੀ 6-03-2021, ਦਰਜ ਕੀਤਾ ਗਿਆ ਹੈ।

Posted By: Jagjit Singh