ਕੁਲਵਿੰਦਰ ਸਿੰਘ ਰਾਏ, ਖੰਨਾ

ਨਗਰ ਕੌਂਸਲ ਖੰਨਾ 'ਤੇ ਪਿਛਲੇ ਪੰਜ ਸਾਲ ਕਾਬਜ਼ ਰਹੀ ਕਾਂਗਰਸ ਦੇ ਕਰਵਾਏ ਕੰਮਾਂ ਦੇ ਮਾੜੇ ਨਤੀਜੇ ਸਾਹਮਣੇ ਆਉਣ ਲੱਗੇ ਹਨ। ਕੌਂਸਲ ਵੱਲੋਂ ਸ਼ਹਿਰ 'ਚ ਧੜਾਧੜ ਲਾਈਆਂ ਗਈਆਂ ਇੰਟਰਲਾਕਿੰਗ ਟਾਈਲਾਂ ਤਿੜਕਣ ਲੱਗੀਆਂ ਹਨ। ਘਟੀਆ ਮਟੀਰੀਅਲ ਕਾਰਨ ਹੀ ਜੰਞਘਰ ਤੋਂ ਗੁਰਦੁਆਰਾ ਬਾਬਾ ਬਚਿੱਤਰ ਸਿੰਘ ਤਕ ਬਣੀ ਸੜਕ ਦੀਆਂ ਟਾਈਲਾਂ ਬਹੁਤੀਆਂ ਥਾਵਾਂ ਤੋਂ ਤਿੜਕ ਚੁੱਕੀਆਂ ਹਨ। ਜ਼ਿਕਰਯੋਗ ਹੈ ਕਿ ਇਹ ਸੜਕ ਲੱਖਾਂ ਦੀ ਲਾਗਤ ਨਾਲ ਸਿਰਫ਼ ਕੁਝ ਸਮਾਂ ਪਹਿਲਾਂ ਹੀ ਬਣ ਕੇ ਤਿਆਰ ਹੋਈ ਹੈ, ਜਿਸ ਨਾਲ ਜਿਸ ਦੇ ਇੰਨੀ ਜਲਦੀ ਟੁੱਟ ਜਾਣ 'ਤੇ ਸਮੱਗਰੀ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ।

-ਕੰਕਰੀਟ ਦੀ ਸੜਕ ਪੁੱਟ ਕੇ ਲਾਈਆਂ ਸਨ ਇੰਟਰਲਾਕਿੰਗ ਟਾਈਲਾਂ

ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਸੜਕ ਪਹਿਲਾਂ ਕੰਕਰੀਟ ਦੀ ਸੜਕ ਬਣੀ ਹੋਈ ਸੀ। ਜਿਸ ਨੂੰ ਪੁੱਟ ਕੇ ਇੰਟਰਲਾਕਿੰਗ ਟਾਇੰਲਾਂ ਲਗਾਈਆਂ ਸਨ। ਸ਼ਹਿਰ ਦੇ ਹੋਰ ਹਿੱਸਿਆ 'ਚ ਵੀ ਚੰਗੀਆਂ-ਭਲੀਆਂ ਕੰਕਰੀਟ ਦੀਆਂ ਸੜਕਾਂ ਊਖਾੜ ਕੇ ਨਗਰ ਕੌਂਸਲ ਨੇ ਇੰਟਰ ਲਾਕਿੰਗ ਟਾਇਲਾਂ ਲਗਾਈਆਂ ਸੀ, ਜਿਸ ਦਾ ਉਸ ਸਮੇਂ ਕੁਝ ਲੋਕਾਂ ਨੇ ਵਿਰੋਧ ਵੀ ਕੀਤਾ ਸੀ। ਲੋਕਾਂ ਨੇ ਦੋਸ਼ ਲਗਾਏ ਸਨ ਕਿ ਕਾਂਗਰਸ ਦੇ ਰਾਜ 'ਚ ਨਗਰ ਕੌਂਸਲ ਖੰਨਾ ਨੂੰ ਕਈ ਕੰਮਾਂ 'ਚ ਆਰਥਿਕ ਰਗੜਾ ਲਗਾਇਆ ਗਿਆ ਹੈ।

-ਸੀਵਰੇਜ ਪਾਉਣ ਕਰਕੇ ਹੋਇਆ ਨੁਕਸਾਨ : ਠੇਕੇਦਾਰ

ਇਸ ਸੜਕ ਨੂੰ ਬਣਾਉਣ ਵਾਲੇ ਠੇਕੇਦਾਰ ਗੋਲਡੀ ਨੇ ਕਿਹਾ ਕਿ ਸੜਕ ਵਧੀਆਂ ਢੰਗ ਨਾਲ ਬਣਾਈ ਗਈ ਸੀ। ਇਸ ਰਸਤੇ 'ਤੇ ਸੀਵਰੇਜ ਪਾਇਆ ਗਿਆ ਹੈ। ਜਿਸ ਕਰਕੇ ਨੁਕਸਾਨ ਹੋਇਆ ਹੈ।

-ਠੇਕੇਦਾਰ ਦੀ ਨਾਲਾਇਕੀ : ਮਹਿਤਾ

ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਵਿਕਾਸ ਮਹਿਤਾ ਨੇ ਕਿਹਾ ਕਿ ਜੇਕਰ ਇਹ ਸੜਕ ਇੰਨੀ ਜਲਦੀ ਟੁੱਟੀ ਹੈ ਤਾਂ ਇਹ ਠੇਕੇਦਾਰ ਦੀ ਨਲਾਇਕੀ ਹੋਵੇਗੀ। ਉਨ੍ਹਾਂ ਦੇ ਸਮੇਂ ਹੀ ਟਾਇਲਾਂ ਲਗਾਈਆਂ ਗਈਆਂ ਹਨ। ਜੇ ਟੁੱਟ ਗਈਆਂ ਤਾਂ ਇਹ ਦੁਬਾਰਾ ਲਗਵਾਈਆਂ ਜਾਣਗੀਆਂ।

-ਜਾਂਚ ਕਰਵਾਈ ਜਾਵੇਗੀ : ਈਓ

ਈਓ ਰਣਬੀਰ ਸਿੰਘ ਨੇ ਕਿਹਾ ਕਿ ਉਹ ਇਸ ਸਬੰਧੀ ਜਾਂਚ ਕਰਵਾਉਣਗੇ, ਜੇਕਰ ਕਈ ਖ਼ਾਮੀ ਪਾਈ ਗਈ ਤਾਂ ਠੇਕੇਦਾਰ ਤੋਂ ਰਿਪੇਅਰ ਕਰਵਾਈ ਜਾਵੇਗੀ। ਜੇਕਰ ਕੁਝ ਗਲ਼ਤ ਹੋਇਆ ਤਾਂ ਜ਼ਿੰਮੇਵਾਰ ਵਿਅਕਤੀ ਬਖ਼ਸ਼ਿਆ ਨਹੀਂ ਜਾਵੇਗਾ।

ਕਰਵਾਵਾਂਗੇ ਵਿਜੀਲੈਂਸ ਜਾਂਚ- ਬਾਂਸਲ

ਲੋਕ ਸੇਵਾ ਕਲੱਬ ਖੰਨਾ ਦੇ ਪ੍ਰਧਾਨ ਬੀਡੀ ਬਾਂਸਲ ਨੇ ਕਿਹਾ ਕਿ ਸ਼ਹਿਰ ਦੇ ਹੋਰ ਹਿੱਸਿਆ 'ਚ ਵੀ ਘਟੀਆਂ ਮਟੀਰੀਅਲ ਕਰਕੇ ਅਜਿਹੀਆਂ ਸ਼ਿਕਾਇਤਾਂ ਆਈਆਂ ਹਨ। ਇਹ ਬਹੁਤ ਗੰਭੀਰ ਮਾਮਲਾ ਹੈ। ਕਲੱਬ ਵੱਲੋਂ ਵਿਜੀਲੈਂਸ ਜਾਂਚ ਕਰਵਾਈ ਜਾਵੇਗੀ।