ਕੁਲਵਿੰਦਰ ਸਿੰਘ ਰਾਏ, ਖੰਨਾ : ਰੇਲਵੇ ਵਿਭਾਗ ਵੱਲੋਂ ਪਿੰਡ ਹਰਬੰਸਪੁਰਾ ਦੇ ਲੋਕਾਂ ਦੀ ਸਹੂਲਤ ਲਈ ਬਣਾਇਆ ਜਾਣ ਵਾਲਾ ਪੁਲ਼ ਲੋਕਾਂ ਲਈ ਜੀਅ ਦਾ ਜੰਜਾਲ ਬਣ ਗਿਆ ਹੈ। ਵਿਭਾਗ ਦੀ ਲੇਟਲਤੀਫ਼ੀ ਖ਼ਿਲਾਫ਼ ਲੋਕਾਂ ਵੱਲੋਂ ਰੋਸ ਪ੍ਰਗਟ ਕੀਤਾ ਗਿਆ। ਪਿਸ਼ੋਰ ਸਿੰਘ ਤੇ ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਮੁੱਖ ਸਿੰਘ ਨੇ ਕਿਹਾ ਪਿੰਡ ਹਰਬੰਸਪੁਰਾ ਤੋਂ ਰੂਪਾ, ਬਗਲੀ ਤੇ ਹੋਰ ਪਿੰਡਾਂ ਨੂੰ ਜਾਣ ਵਾਲੇ ਰਸਤੇ 'ਤੇ ਲੰਮੇ ਸਮੇਂ ਫਾਟਕ ਲੱਗੇ ਹੋਏ ਸਨ। ਫਾਟਕਾਂ ਕਾਰਨ ਲੋਕਾਂ ਨੂੰ ਕਈ ਵਾਰ ਕਈ ਕਈ ਘੰਟੇ ਗੱਡੀ ਲੰਘਣ ਦਾ ਇੰਤਜਾਰ ਕਰਨਾ ਪੈਂਦਾ ਸੀ। ਲੋਕਾਂ ਦੀ ਸਹੂਲਤ ਲਈ ਰੇਲਵੇ ਵਿਭਾਗ ਨੇ ਪੁਲ਼ ਨਿਰਮਾਣ ਦਾ ਕੰਮ ਮਾਰਚ ਮਹੀਨੇ ਸ਼ੁਰੂ ਕੀਤਾ ਸੀ ਪਰ ਅਚਾਨਕ ਕਰੀਬ 15 ਦਿਨ ਪਹਿਲਾਂ ਪੁਲ਼ ਦਾ ਕੰਮ ਰੋਕ ਦਿੱਤਾ ਗਿਆ ਹੈ, ਜਿਸ ਕਾਰਨ ਪਿੰਡ ਤੇ ਹੋਰ ਇਲਾਕੇ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

-- ਝੋਨੇ ਦੇ ਸੀਜ਼ਨ ਕਰਕੇ ਕਿਸਾਨਾਂ ਨੂੰ ਵੱਡੀ ਸਮੱਸਿਆ

ਪਿੰਡ ਦੇ ਜ਼ਿਆਦਾਤਰ ਕਿਸਾਨਾਂ ਦੀ ਜ਼ਮੀਨ ਵੀ ਰੇਲਵੇ ਲਾਈਨ ਦੇ ਦੂਜੇ ਪਾਸੇ ਹੈ, ਜਿਸ ਕਰਕੇ ਰੋਜ਼ਾਨਾ ਕਿਸਾਨਾਂ ਨੂੰ ਪਸ਼ੂਆਂ ਲਈ ਚਾਰਾ ਤੇ ਖੇਤਾਂ 'ਚ ਹੋਰ ਕੰਮ ਕਰਨ ਲਈ ਪੰਜ ਤੋਂ ਸੱਤ ਕਿਲੋਮੀਟਰ ਦਾ ਵਾਧੂ ਰਸਤਾ ਤੈਅ ਕਰਨਾ ਪੈਂਦਾ ਹੈ। ਜੇਕਰ ਇਸ ਪੁਲ ਦਾ ਕੰਮ ਸ਼ੁਰੂ ਨਾ ਹੋਇਆ ਤਾਂ ਪ੍ਰਸ਼ਾਸਨ ਤੇ ਰੇਲਵੇ ਵਿਭਾਗ ਦੇ ਅਧਿਕਾਰੀਆਂ ਦੇ ਦਫ਼ਤਰਾਂ ਅੱਗੇ ਧਰਨਾ ਦਿੱਤਾ ਜਾਵੇਗਾ। ਪਿੰਡ ਵਾਸੀਆਂ ਨੇ ਵਿਭਾਗ ਤੋਂ ਮੰਗ ਕੀਤੀ ਕਿ ਝੋਨੇ ਦੀ ਵਾਢੀ ਤੇ ਆਲੂਆਂ ਦੀ ਬਿਜਾਈ ਦਾ ਸਮਾਂ ਹੈ। ਇਸ ਲਈ ਰੇਲਵੇ ਪੁਲ ਦਾ ਕੰਮ ਜਲਦ ਤੋਂ ਜਲਦ ਸ਼ੁਰੂ ਕੀਤਾ ਜਾਵੇ ਤਾਂ ਜੋ ਲੋਕ ਖੱਜ਼ਲਖ਼ਆਰੀ ਤੋਂ ਬਚ ਸਕਣ। ਨੰਬਰਦਾਰ ਸੁਰਮੁਖ ਸਿੰਘ ਨੇ ਕਿਹਾ ਇਸ ਮਸਲੇ ਸਬੰਧੀ ਸੰਸਦ ਮੈਂਬਰ ਡਾ. ਅਮਰ ਸਿੰਘ ਤੇ ਹਲਕਾ ਵਿਧਾਇਕ ਅਮਰੀਕ ਸਿੰਘ ਿਢੱਲੋਂ ਮੰਗ ਪੱਤਰ ਦਿੱਤਾ ਜਾਵੇਗਾ ਤੇ ਪੁਲ਼ ਦਾ ਕੰਮ ਜਲਦੀ ਸ਼ੁਰੂ ਕਰਵਾਉਣ ਦੀ ਮੰਗ ਕੀਤੀ ਜਾਵੇਗੀ।

ਇਸ ਮੌਕੇ ਪ੍ਰਧਾਨ ਗੁਰਵਿੰਦਰ ਸਿੰਘ, ਅਵਤਾਰ ਸਿੰਘ, ਲਖਵੀਰ ਸਿੰਘ ਬੰਟੀ, ਰਛਪਾਲ ਸਿੰਘ, ਜੋਰਾ ਸਿੰਘ, ਬਲਬੀਰ ਸਿੰਘ ਪੰਚ, ਕੇਸਰ ਸਿੰਘ, ਸੁਰਿੰਦਰ ਸਿੰਘ, ਰਣਜੀਤ ਸਿੰਘ, ਪਵਿੱਤਰ ਸਿੰਘ, ਬੱਲੀ ਸੰਧੂ, ਧਰਮਿੰਦਰ ਸਿੰਘ , ਪਰਗਟ ਸਿੰਘ, ਜਸਪਾਲ ਸਿੰਘ, ਜੱਗਾ ਸੰਧੂ, ਇਕਬਾਲ ਸਿੰਘ ਸੰਧੂ ਆਦਿ ਹਾਜ਼ਰ ਸਨ।

ਰੇਲਵੇ ਵਿਭਾਗ ਦੇ ਅਧਿਕਾਰੀ ਪ੍ਰਦੀਪ ਸ਼ਰਮਾ ਨੇ ਕਿਹਾ ਰੇਲਵੇ ਵਿਭਾਗ ਵੱਲੋਂ ਸਾਨੂੰ ਬਲਾਕ ਨਹੀਂ ਮਿਲਿਆ, ਜਿਸ ਕਾਰਨ ਸਾਨੂੰ ਇਸ ਪੁਲ ਦਾ ਕੰਮ ਰੋਕਣਾ ਪਿਆ। ਜਦੋਂ ਬਲਾਕ ਮਿਲ ਜਾਵੇਗਾ। ਨਾਲ ਦੀ ਨਾਲ ਹੀ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।