ਸੁਸ਼ੀਲ ਕੁਮਾਰ ਸ਼ਸ਼ੀ ,ਲੁਧਿਆਣਾ : ਝਗੜੇ ਦੌਰਾਨ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਮਾਣਕਵਾਲ ਦੇ ਵਾਸੀ ਬਖ਼ਤਾਵਰ ਸਿੰਘ (50) ਦੀ ਸ਼ੁੱਕਰਵਾਰ ਨੂੰ ਸਿਵਲ ਹਸਪਤਾਲ ਵਿੱਚ ਮੌਤ ਹੋ ਗਈ। ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹ। ਸ਼ਨਿੱਚਰਵਾਰ ਨੂੰ ਡਾਕਟਰਾਂ ਦੀ ਟੀਮ ਬਖ਼ਤਾਵਰ ਸਿੰਘ ਦਾ ਪੋਸਟਮਾਰਟਮ ਕਰੇਗੀ। ¢ ਪੋਸਟਮਾਰਟਮ ਦੀ ਰਿਪੋਰਟ ਅਤੇ ਬਖਤਾਵਰ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਅਗਲੀ ਕਾਰਵਾਈ ਕਰੇਗੀ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਮਾਣਕਵਾਲ ਦਾ ਰਹਿਣ ਵਾਲਾ ਬਖ਼ਤਾਵਰ ਸਿੰਘ ਸ਼ਰਾਬ ਪੀਣ ਦਾ ਆਦੀ ਸੀ। ਇੱਕ ਜਨਵਰੀ ਵਾਲੇ ਦਿਨ ਉਹ ਆਪਣੇ ਇੱਕ ਦੋਸਤ ਟਰੱਕ ਡਰਾਈਵਰ ਨਾਲ ਇਲਾਕੇ ਵਿੱਚ ਹੀ ਸ਼ਰਾਬ ਪੀ ਰਿਹਾ ਸੀ। ਇਸ ਦੌਰਾਨ ਦੋਵਾਂ ਵਿਚਕਾਰ ਝਗੜਾ ਹੋ ਗਿਆ। ਬਖਤਾਵਰ ਦੇ ਦੋਸਤ ਨੇ ਉਸ ਨਾਲ ਮਾਰਕੁੱਟ ਕੀਤੀ ਤੇ ਜ਼ੋਰ ਨਾਲ ਧੱਕਾ ਦਿੱਤਾ। ਬਖਤਾਵਰ ਜ਼ਖਮੀ ਹੋ ਗਿਆ ਇਸੇ ਦੌਰਾਨ ਉਸ ਦੀ ਲੱਤ ਵੀ ਟੁੱਟ ਗਈ। ਬੁਰੀ ਤਰ੍ਹਾਂ ਜ਼ਖ਼ਮੀ ਹਾਲਤ 'ਚ ਬਖਤਾਵਰ ਸਿੰਘ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਸ਼ੁੱਕਰਵਾਰ ਨੂੰ ਬਖ਼ਤਾਵਰ ਸਿੰਘ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ ਤੇ ਦੁਪਹਿਰ ਤੋਂ ਬਾਅਦ ਉਸ ਦੀ ਮੌਤ ਹੋ ਗਈ। ਥਾਣਾ ਸਦਰ ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਮੌਤ ਦੇ ਕਾਰਨਾਂ ਬਾਰੇ ਕੁਝ ਸਾਫ ਤੌਰ 'ਤੇ ਨਹੀਂ ਕਿਹਾ ਜਾ ਸਕਦਾ। ਸਨਿਚਰਵਾਰ ਨੂੰ ਲਾਸ਼ ਦਾ ਪੋਸਟ ਮਾਰਟਮ ਕੀਤਾ ਜਾਵੇਗਾ। ਲਾਸ਼ ਦੇ ਪੋਸਟਮਾਰਟਮ ਦੀ ਰਿਪੋਰਟ ਤੇ ਬਖਤਾਵਰ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।