ਸਰਵਣ ਸਿੰਘ ਭੰਗਲਾਂ, ਸਮਰਾਲਾ : ਬੀਤੇ ਦਿਨੀਂ ਦਰਾਸ ਸੈਕਟਰ ਕੋਲ ਭਾਰਤੀ ਫ਼ੌਜ ਦੇ ਜਵਾਨ ਤੇ ਲੈਫਟੀਨੈਂਟ ਦੀ ਸਰਕਾਰੀ ਜਿਪਸੀ ਨਦੀ 'ਚ ਡਿੱਗਣ ਤੋਂ ਬਾਅਦ ਦੋਵੇਂ ਜਵਾਨ ਲਾਪਤਾ ਹਨ ਜਿਨ੍ਹਾਂ ਦੀ ਪਛਾਣ ਭਾਰਤੀ ਫ਼ੌਜ ਦੇ ਲਾਂਸਨਾਇਕ ਪਲਵਿੰਦਰ ਸਿੰਘ ਤੇ ਲੈਫਟੀਨੈਂਟ ਸੁਭਾਨ ਅਲੀ ਵਜੋਂ ਹੋਈ ਹੈ।

ਲਾਂਸ ਨਾਇਕ ਕੁਲਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਸਮਰਾਲਾ ਨੇੜਲੇ ਪਿੰਡ ਢੀਂਡਸਾ ਦਾ ਵਸਨੀਕ ਹੈ। ਲਾਂਸ ਨਾਇਕ ਪਲਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ 'ਚ ਮਾਤਾ ਸੁਰਿੰਦਰ ਸਿੰਘ ਤੇ ਪੰਜਾਬ ਪੁਲਿਸ ਦੀ ਕ੍ਰਾਈਮ ਬਰਾਂਚ 'ਚ ਨੌਕਰੀ ਕਰਦੇ ਉਸ ਦੇ ਭਰਾ ਜਗਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ 21 ਜੂਨ ਨੂੰ ਪਲਵਿੰਦਰ ਸਿੰਘ ਨਾਲ ਉਨ੍ਹਾਂ ਦੀ ਗੱਲਬਾਤ ਹੋਈ ਸੀ, ਜਿਸ ਵਿਚ ਉਸ ਨੇ ਆਪਣਾ ਹਾਲਚਾਲ ਬਿਲਕੁਲ ਠੀਕ ਦੱਸਿਆ ਸੀ। 23 ਜੂਨ ਨੂੰ ਫ਼ੌਜ ਦੇ ਅਧਿਕਾਰੀਆਂ ਨੇ ਫੋਨ ਰਾਹੀਂ ਦੱਸਿਆ ਸੀ ਕਿ ਲਾਂਸ ਨਾਇਕ ਪਲਵਿੰਦਰ ਸਿੰਘ ਜਦੋਂ ਸਰਕਾਰੀ ਜਿਪਸੀ 'ਚ ਲੈਫਟੀਨੈਂਟ ਸੁਭਾਨ ਅਲੀ ਨਾਲ ਮੀਨਾ ਮਾਰਗ ਤੋਂ ਦਰਾਸ ਵੱਲ ਜਾ ਰਹੇ ਸਨ ਤਾਂ ਰਸਤੇ 'ਚ ਉਨ੍ਹਾਂ ਦੀ ਜਿਪਸੀ ਇਕ ਤੇਜ਼ ਵਹਾਅ ਵਾਲੀ ਨਦੀ 'ਚ ਡਿੱਗ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਦੀ ਸੂਚਨਾ ਮਿਲਣ ਤੋਂ ਦੋ ਦਿਨ ਬਾਅਦ ਫੌਜ ਦੇ ਅਧਿਕਾਰੀਆਂ ਵੱਲੋਂ 25 ਜੂਨ ਨੂੰ ਜਦੋਂ ਨਦੀ 'ਚੋਂ ਜਿਪਸੀ ਬਾਹਰ ਕੱਢੀ ਗਈ ਤਾਂ ਦੋਵੇਂ ਜਵਾਨ ਜਿਪਸੀ 'ਚ ਨਹੀਂ ਮਿਲੇ। ਫ਼ੌਜ ਵੱਲੋਂ ਲਗਾਤਾਰ ਭਾਲ ਜਾਰੀ ਹੈ।

ਜ਼ਿਕਰਯੋਗ ਹੈ ਕਿ ਦਰਾਸ ਸੈਕਟਰ ਵਿਚਲੀ ਇਸ ਨਦੀ ਦਾ ਵਹਾਅ ਪਾਕਿਸਤਾਨ ਵੱਲ ਹੋਣ ਕਰਕੇ ਭਾਰਤੀ ਫੌਜ ਦੇ ਇਨ੍ਹਾਂ ਜਵਾਨਾਂ ਦੇ ਪਾਕਿਸਤਾਨ ਵੱਲ ਰੁੜ੍ਹ ਜਾਣ ਦੇ ਖਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਲਾਂਸ ਨਾਇਕ ਪਲਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਤੇ ਫ਼ੌਜ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਲਾਪਤਾ ਹੋਏ ਇਨ੍ਹਾਂ ਜਵਾਨਾਂ ਦੀ ਜਲਦ ਤੋਂ ਜਲਦ ਭਾਲ ਕੀਤੀ ਜਾਵੇ।

Posted By: Seema Anand