ਗੌਰਵ ਕੁਮਾਰ ਸਲੂਜਾ, ਲੁਧਿਆਣਾ: ਲੁਧਿਆਣਾ ਮਹਾਨਗਰ ਦੇ ਬਹਾਦੁਰ ਕੇ ਰੋਡ ਸਥਿਤ ਸਬਜ਼ੀ ਮੰਡੀ ਵਿਚ ਲੋਕਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਠੇਕੇਦਾਰੀ ਪ੍ਰਥਾ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀ 'ਚ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਕੀਤੀ ਜਾਂਦੀ ਧੱਕੇਸ਼ਾਹੀ ਤੋਂ ਤੰਗ ਆ ਕੇ ਅੱਜ ਫਰੂਟ ਮੰਡੀ ਐਸੋਸੀਏਸ਼ਨ ਸਬਜ਼ੀ ਮੰਡੀ ਐਸੋਸੀਏਸ਼ਨ ਅਤੇ ਰੇਹੜੀ ਫੜੀ ਐਸੋਸੀਏਸ਼ਨ ਦੇ ਲੋਕਾਂ ਨੇ ਇਕਜੁੱਟ ਹੋ ਕੇ ਮੰਡੀ ਦੇ ਗੇਟ ਅੱਗੇ ਹੜਤਾਲ ਤੇ ਬੈਠ ਗਏ ਹਨ।

ਸਬਜ਼ੀ ਮੰਡੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਕਮਲ ਸਿੰਘ ਇਲੂ ਨੇ ਗੱਲਬਾਤ ਦੌਰਾਨ ਦੱਸਿਆ ਕਿ ਮਾਰਕੀਟ ਕਮੇਟੀ ਵੱਲੋਂ ਠੇਕੇਦਾਰੀ ਪ੍ਰਥਾ ਬੰਦ ਕਰਵਾਉਣ ਲਈ ਅੱਜ ਮੰਡੀ ਦੇ ਲੋਕ ਇਕਜੁੱਟ ਹੋ ਕੇ ਹੜਤਾਲ ਤੇ ਬੈਠੇ ਹਨ। ਉਨ੍ਹਾਂ ਦੱਸਿਆ ਕਿ ਠੇਕੇਦਾਰ ਵੱਲੋਂ ਵੱਧ ਰਕਮ ਦਾ ਟੈਂਡਰ ਭਰ ਕੇ ਠੇਕਾ ਲੈ ਲਿਆ ਜਾਂਦਾ ਹੈ ਜੋ ਕਿ ਮੰਡੀ ਦੇ ਤੈਅ ਰੇਟਾਂ ਅਨੁਸਾਰ ਰਕਮ ਪੂਰੀ ਨਹੀਂ ਹੁੰਦੀ। ਜਿਸ ਕਾਰਨ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਮੰਡੀ ਦੇ ਤੈਅ ਰੇਟਾਂ ਤੋਂ ਵੱਧ ਵਸੂਲੀ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਜੇਕਰ ਪਰਚੀ ਤੋਂ ਵੱਧ ਵਸੂਲੀ ਦੇਣ ਤੋਂ ਮਨਾਹੀ ਕੀਤੀ ਜਾਂਦੀ ਹੈ ਅਤੇ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਜਿਸ ਤੋਂ ਤੰਗ ਪਰੇਸ਼ਾਨ ਹੋਏ ਮੰਡੀ ਦੇ ਲੋਕਾਂ ਨੇ ਅੱਜ ਇਹ ਫੈਸਲਾ ਕੀਤਾ। ਉਹ ਠੇਕੇਦਾਰੀ ਪ੍ਰਥਾ ਬੰਦ ਕਰਵਾਉਣ ਲਈ ਅਣਮਿੱਥੇ ਸਮੇਂ ਲਈ ਮੰਡੀ ਬੰਦ ਕਰ ਕੇ ਹੜਤਾਲ 'ਤੇ ਬੈਠ ਗਏ ਹਨ। ਉਨ੍ਹਾਂ ਕਿਹਾ ਕਿ ਜਦੋਂ ਤਕ ਮਾਰਕੀਟ ਕਮੇਟੀ ਅਤੇ ਮੰਡੀ ਬੋਰਡ ਵੱਲੋਂ ਠੇਕਾ ਰੱਦ ਕਰ ਅਤੇ ਅੱਗੇ ਤੋਂ ਠੇਕੇ ਨਾ ਦੇਣ ਦਾ ਫ਼ੈਸਲਾ ਨਹੀਂ ਲਿਆ ਜਾਂਦਾ ਉਦੋਂ ਤਕ ਆੜ੍ਹਤੀ ਭਾਈਚਾਰਾ ਇਸੇ ਤਰ੍ਹਾਂ ਹੀ ਮੰਡੀ ਬੰਦ ਕਰ ਹੜਤਾਲ ਤੇ ਬੈਠੇਗਾ।

Posted By: Akash Deep