ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਸੈਂਟਰਲ ਜੇਲ੍ਹ ਦੇ ਸਾਹਮਣੇ ਵਾਪਰੇ ਇਕ ਸੜਕ ਹਾਦਸੇ 'ਚ ਬਿਲਡਿੰਗਾਂ ਬਣਾਉਣ ਵਾਲੇ ਮਿਸਤਰੀ ਦੀ ਮੌਤ ਹੋ ਗਈ। ਮਿ੍ਤਕ ਦੀ ਪਛਾਣ ਪਟਨਾ ਸਾਹਿਬ ਦੇ ਵਾਸੀ ਸੁਖਰਾਜ ਮੰਡਲ (35) ਦੇ ਰੂਪ ਵਿਚ ਹੋਈ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਸੁਖਰਾਜ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਬਿਹਾਰ ਭੇਜ ਦਿੱਤਾ ਹੈ। ਸੁਖਰਾਜ ਆਪਣੇ ਪਿੱਛੇ ਪਤਨੀ ਤੇ 4 ਬੱਚੇ ਛੱਡ ਗਿਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਠੇਕੇਦਾਰ ਸਵਰਨ ਸਿੰਘ ਨੇ ਦੱਸਿਆ ਕਿ ਪਟਨਾ ਸਾਹਿਬ ਦਾ ਰਹਿਣ ਵਾਲਾ ਸੁਖਰਾਜ ਮੰਡਲ ਕੁਝ ਮਹੀਨਿਆਂ ਤੋਂ ਉਨ੍ਹਾਂ ਕੋਲ ਕੰਮ ਕਰ ਰਿਹਾ ਸੀ। ਪਟਨਾ ਸਾਹਿਬ ਵਿਚ ਉਸ ਦਾ ਪਰਿਵਾਰ ਰਹਿ ਰਿਹਾ ਸੀ। ਸੁਖਰਾਜ ਮੰਡਲ ਦੇ 3 ਬੇਟੇ ਤੇ ਇਕ ਧੀ ਹੈ। ਸਵਰਨ ਨੇ ਦੱਸਿਆ ਕਿ ਉਨ੍ਹਾਂ ਨੇ ਤਾਜਪੁਰ ਰੋਡ 'ਤੇ ਇਕ ਬਿਲਡਿੰਗ ਦਾ ਕੰਮ ਸ਼ੁਰੂ ਕੀਤਾ ਹੋਇਆ ਸੀ। ਲਿਹਾਜ਼ਾ ਮਿਸਤਰੀ ਸੁਖਰਾਜ ਕੰਮ ਦੇਖਣ ਲਈ ਆਇਆ। ਕੰਮ ਦੇਖਣ ਤੋਂ ਬਾਅਦ ਸੁਖਰਾਜ ਮੋਟਰਸਾਈਕਲ 'ਤੇ ਆਪਣੇ ਕੁਆਰਟਰ ਜਮਾਲਪੁਰ ਵੱਲ ਨੂੰ ਨਿਕਲਿਆ। ਸੁਖਰਾਜ ਜਿਵੇਂ ਹੀ ਸੈਂਟਰਲ ਜੇਲ੍ਹ ਦੇ ਸਾਹਮਣੇ ਪੁੱਜਾ, ਉਸ ਦਾ ਤੇਜ਼ ਰਫ਼ਤਾਰ ਮੋਟਰਸਾਈਕਲ ਬਿਜਲੀ ਦੇ ਖੰਭੇ ਵਿਚ ਜਾ ਵੱਜਾ। ਸੁਖਰਾਜ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਤੇ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਲੋਕਾਂ ਦੀ ਮਦਦ ਨਾਲ ਉਸ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਲੈ ਗਈ, ਜਿੱਥੇ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਕਰ ਦਿੱਤਾ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਡਵੀਜ਼ਨ ਨੰਬਰ 7 ਅਧੀਨ ਆਉਂਦੀ ਚੌਕੀ ਤਾਜਪੁਰ ਰੋਡ ਦੇ ਏਐੱਸਆਈ ਦਵਿੰਦਰ ਸਿੰਘ ਨੇ ਦੱਸਿਆ ਕਿ ਸੁਖਰਾਜ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਟਨਾ ਸਾਹਿਬ ਭੇਜ ਦਿੱਤੀ ਹੈ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਸੀਆਰਪੀਸੀ ਦੀ ਧਾਰਾ 174 ਦੇ ਤਹਿਤ ਕਾਰਵਾਈ ਕਰ ਦਿੱਤੀ ਹੈ।

----