ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਨਵੇਂ ਦੌਰ ਵਿਚ ਸੂਖਮ ਖੇਤੀ ਲਈ ਨਵੀਆਂ ਤਕਨੀਕਾਂ, ਵਿਧੀਆਂ ਤੇ ਸੰਭਾਵਨਾਵਾਂ ਬਾਰੇ ਵਿਚਾਰ-ਵਟਾਂਦਰਾ ਕਰਨ ਦੇ ਉਦੇਸ਼ ਨਾਲ ਪਹਿਲੀ ਵਾਰ ਫਾਰਮ ਮਸ਼ੀਨਰੀ ਤੇ ਪਾਵਰ ਇੰਜੀਨੀਅਰਿੰਗ ਵਿਭਾਗ ਵੱਲੋਂ ਇੰਡੀਅਨ ਸੁਸਾਇਟੀ ਆਫ਼ ਐਗਰੀਕਲਚਰਲ ਇੰਜਨੀਅਰਿੰਗ ਦੇ ਸਹਿਯੋਗ ਨਾਲ ਪੀਏਯੂ ਲੁਧਿਆਣਾ ਵਿਖੇ ਸੋਮਵਾਰ 4 ਰੋਜ਼ਾ 8ਵੀਂ ਏਸ਼ੀਅਨ-ਆਸਟਰਲੇਸ਼ੀਅਨ ਅੰਤਰਰਾਸ਼ਟਰੀ ਕਾਨਫਰੰਸ ਆਰੰਭ ਹੋਈ। ਇਸ ਮੌਕੇ ਅਮਰੀਕਾ ਦੀ ਕੋਲੋਰਾਡੋ ਸਟੇਟ ਯੂਨੀਵਰਸਿਟੀ ਦੇ ਫ਼ਸਲ ਅਤੇ ਭੂਮੀ ਵਿਗਿਆਨ ਵਿਭਾਗ ਤੋਂ ਰਾਜ ਖੋਸਲਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦ ਕਿ ਆਈਐੱਸਏਈ ਦੇ ਪ੍ਰਧਾਨ ਡਾ. ਇੰਦਰ ਮਨੀ, ਅੰਤਰਰਾਸ਼ਟਰੀ ਖੇਤੀ ਇੰਜੀਨੀਅਰਿੰਗ ਸੁਸਾਇਟੀ ਦੇ ਚੁਣੇ ਹੋਏ ਪ੍ਰਧਾਨ ਪ੍ਰਰੋ. ਲੋਨਬਰਗ ਡਿਬੋਅ, ਆਈਸੀਏਆਰ ਤੋਂ ਡਾ. ਗਜੇਂਦਰ ਸਿੰਘ, ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਿਢੱਲੋਂ, ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਵਿਸ਼ੇਸ਼ ਮਹਿਮਾਨ ਤੇ ਪ੍ਰਬੰਧਕੀ ਸਕੱਤਰ ਵਜੋਂ ਵਿਭਾਗ ਦੇ ਮੁਖੀ ਡਾ. ਮਨਜੀਤ ਸਿੰਘ ਸ਼ਾਮਿਲ ਹੋਏ। ਕਾਨਫਰੰਸ ਦੇ ਆਰੰਭਕ ਸੈਸ਼ਨ ਵਿਚ ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਸਵਾਗਤੀ ਸ਼ਬਦ ਕਹੇ। ਪ੍ਰਰੋ. ਰਾਜ ਖੋਸਲਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਮਨੁੱਖੀ ਇਤਿਹਾਸ ਵਿਚ ਕਦੇ ਵੀ ਅਨਾਜ ਦਾ ਉਤਪਾਦਨ ਏਨਾ ਜ਼ਿਆਦਾ ਨਹੀਂ ਹੋਇਆ ਪਰ ਨਾਲ ਹੀ ਭੋਜਨ ਦੀ ਏਨੀ ਬਰਬਾਦੀ ਵੀ ਇਤਿਹਾਸ ਵਿਚ ਕਦੀ ਨਹੀਂ ਹੋਈ। ਡਾ. ਖੋਸਲਾ ਨੇ ਕਿਹਾ ਕਿ ਹੁਣ ਪੈਦਾਵਾਰ ਲਈ ਹੋਰ ਜਗ੍ਹਾ ਨਹੀਂ ਬਚੀ। ਭੋਜਨ ਨੂੰ ਬਰਬਾਦ ਹੋਣ ਤੋਂ ਬਚਾ ਕੇ ਅਤੇ ਸੂਖਮ ਖੇਤੀਬਾੜੀ ਤਕਨੀਕਾਂ ਅਪਣਾ ਕੇ ਭਾਰਤ ਵਰਗੇ ਦੇਸ਼ ਵਿਚ ਛੋਟੇ ਕਿਸਾਨਾਂ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਹੀ ਸਮਾਂ, ਸਹੀ ਥਾਂ, ਸਹੀ ਮਿਕਦਾਰ, ਸਹੀ ਲਾਗਤ ਤੇ ਸਹੀ ਤਰੀਕਾ ਵਰਤ ਕੇ ਸੂਖਮ ਖੇਤੀਬਾੜੀ ਨੂੰ ਲਾਹੇਵੰਦ ਢੰਗ ਨਾਲ ਲਾਗੂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਲਈ ਜ਼ਰੂਰੀ ਸੂਖਮ ਖੇਤੀ ਲਈ ਵੱਖ-ਵੱਖ ਖੇਤਰਾਂ ਦੀ ਸਹਿਕਾਰਤਾ ਲਾਜ਼ਮੀ ਹੈ।

ਪ੍ਰਰੋ. ਲੋਨਬਰਗ ਡਿਬੋਅ ਨੇ ਆਪਣੇ ਭਾਸ਼ਣ ਵਿਚ ਅੰਤਰਰਾਸ਼ਟਰੀ ਸੂਖਮ ਖੇਤੀ ਸੁਸਾਇਟੀ ਵੱਲੋਂ ਸੂਖਮ ਖੇਤੀ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਸੰਖੇਪ ਗੱਲਬਾਤ ਕੀਤੀ। ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਿਢੱਲੋਂ ਨੇ ਵਿਦੇਸ਼ ਤੋਂ ਆਏ ਡੈਲੀਗੇਟਾਂ ਦਾ ਵਿਸ਼ੇਸ਼ ਤੌਰ 'ਤੇ ਸਵਾਗਤ ਕਰਦਿਆਂ ਕਿਹਾ ਕਿ ਖੇਤੀ ਨਾਲ ਸਬਿੰਧਤ ਸਾਰੇ ਸਹਿਯੋਗੀ ਖੇਤਰਾਂ ਵੱਲੋਂ ਇਕ ਮੰਚ 'ਤੇ ਇੱਕਠੇ ਹੋ ਕੇ ਸੂਖਮ ਖੇਤੀ ਬਾਰੇ ਵਿਚਾਰ ਕਰਨਾ ਆਪਣੇ ਆਪ ਵਿਚ ਇਕ ਇਤਿਹਾਸਕ ਘਟਨਾ ਹੈ। ਇਸ ਮੌਕੇ ਸਹਿ ਪ੍ਰਬੰਧਕ ਆਈਐੱਸਏਈ ਦੇ ਪ੍ਰਧਾਨ ਡਾ. ਇੰਦਰ ਮਨੀ ਨੇ ਕਿਹਾ ਕਿ ਪੂਰਾ ਭਾਰਤ ਇਸ ਕਾਨਫਰੰਸ ਵਿਚੋਂ ਪੈਦਾ ਹੋਣ ਵਾਲਿਆਂ ਸਿੱਟਿਆਂ ਵੱਲ ਦੇਖ ਰਿਹਾ ਹੈ। ਆਈਸੀਏਆਰ ਦੇ ਪ੍ਰਰੋ. ਡਾ. ਗਜੇਂਦਰ ਸਿੰਘ ਨੇ ਸੂਖਮ ਖੇਤੀ ਸਬੰਧੀ ਆਪਣੇ ਤਜਰਬੇ ਸਾਂਝੇ ਕੀਤੇ। ਇਸ ਮੌਕੇ ਕਾਨਫਰੰਸ ਦਾ ਸੋਵੀਨਰ ਵੀ ਰਿਲੀਜ਼ ਕੀਤਾ ਗਿਆ। ਹਾਜ਼ਰ ਮਾਹਿਰਾਂ ਨੂੰ ਯੂਨੀਵਰਸਿਟੀ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੂਹ ਡੈਲੀਗੇਟਾਂ ਵੱਲੋਂ ਪੀਏਯੂ ਅਤੇ ਸਹਿਯੋਗੀ ਅਦਾਰਿਆਂ ਵੱਲੋਂ ਲਾਈ ਪ੍ਰਦਰਸ਼ਨੀ ਦਾ ਦੌਰਾ ਕੀਤਾ ਗਿਆ।