ਸਤਵਿੰਦਰ ਸ਼ਰਮਾ, ਲੁਧਿਆਣਾ : ਭਾਵੇਂ ਪੰਜਾਬ ਦੇ ਚਾਰ ਸ਼ਹਿਰਾਂ ਵਿਚ ਹੋਣ ਵਾਲੀਆਂ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਅਤੇ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਵਿਚ ਹਾਲੇ ਸਮਾਂ ਹੈ ਪਰ ਭਾਜਪਾ ਨੇ ਹੁਣ ਤੋਂ ਹੀ ਆਪਣਾ ਧਿਆਨ ਪੰਜਾਬ 'ਤੇ ਕੇਂਦਿ੍ਤ ਕਰਦੇ ਹੋਏ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਤਹਿਤ ਸ਼ਨਿੱਚਰਵਾਰ ਨੂੰ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਲੁਧਿਆਣਾ ਪੁੱਜੇ ਜਿਨ੍ਹਾਂ ਸਭ ਤੋਂ ਪਹਿਲਾਂ ਸ਼ਹੀਦ ਸੁਖਦੇਵ ਥਾਪਰ ਨੂੰ ਨਤਮਸਤਕ ਹੋਣ ਤੋਂ ਬਾਅਦ ਪਾਰਟੀ ਦੇ ਸੂਬਾ ਪੱਧਰੀ ਅਹੁਦੇਦਾਰਾਂ ਅਤੇ ਵਿਧਾਨ ਸਭਾ ਦੀਆਂ ਚੋਣਾਂ ਲੜ ਚੁੱਕੇ ਭਾਜਪਾ ਉਮੀਦਵਾਰਾਂ ਨਾਲ ਮੀਟਿੰਗ ਕੀਤੀ। ਬਾਅਦ ਦੁਪਹਿਰ ਸਥਾਨਕ ਹੋਟਲ ਵਿਖੇ ਵਪਾਰੀਆਂ ਨਾਲ ਵਿਚਾਰਾਂ ਦੀ ਸਾਂਝ ਪਾਈ। ਸ਼ਾਮ ਨੂੰ ਰਾਸ਼ਟਰੀ ਪ੍ਰਧਾਨ ਚੰਡੀਗੜ੍ਹ ਰੋਡ ਸਥਿਤ ਗਲਾਡਾ ਮੈਦਾਨ ਵਿਖੇ ਪੁੱਜੇ ਜਿੱਥੇ ਉਨ੍ਹਾਂ ਵਰਕਰ ਸੰਮੇਲਨ ਨੂੰ ਸੰਬੋਧਿਤ ਕੀਤਾ।

ਇਸ ਦੌਰਾਨ ਸੰਬੋਧਨ ਕਰਦਿਆਂ ਨੱਡਾ ਨੇ ਕਿਹਾ ਕਿ ਪੰਜਾਬ ਸਰਕਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਰਿਮੋਟ ਕੰਟਰੋਲ ਨਾਲ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਮੁੱਖ ਮੰਤਰੀ ਬਣਨ ਲਈ ਪੰਜਾਬ ਨੂੰ ਅਰਵਿੰਦ ਕੇਜਰੀਵਾਲ ਸਾਹਮਣੇ ਗਿਰਵੀ ਰੱਖ ਦਿੱਤਾ ਹੈ। ਕੇਜਰੀਵਾਲ ਸਵੇਰੇ ਜਿਵੇਂ ਹੁਕਮ ਦਿੰਦੇ ਹਨ, ਸਾਰਾ ਦਿਨ ਪੰਜਾਬ ਵਿਚ ਮਾਨ ਉਸੇ ਹੁਕਮਾਂ ਦੀ ਪਾਲਣਾ ਕਰਵਾਉਂਦਾ ਹੈ। ਇਸ ਦੌਰਾਨ ਜੇਪੀ ਨੱਡਾ ਨੇ ਵਰਕਰਾਂ ਨੂੰ ਮੋਦੀ ਸਰਕਾਰ ਦੀਆਂ ਉਪਲਬਧੀਆਂ ਵੀ ਗਿਣਵਾਈਆਂ। ਨਾਲ ਹੀ ਦਾਅਵਾ ਕੀਤਾ ਕਿ ਅਗਲੀ ਵਾਰ ਪੰਜਾਬ ਵਿਚ ਵੀ ਭਾਜਪਾ ਦੀ ਸਰਕਾਰ ਬਣੇਗੀ।

ਗਲਾਡਾ ਗਰਾਉਂਡ ਵਿਚ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਨੱਡਾ ਨੇ ਕਿਹਾ ਕਿ ਅਜਿਹਾ ਇਤਿਹਾਸ ਵਿਚ ਪਹਿਲੀ ਵਾਰ ਹੈ ਕਿ ਪੰਜਾਬ ਦੇ ਲੋਕ 50 ਦਿਨਾਂ ਵਿਚ ਆਪ ਦੀ ਸਰਕਾਰ ਨੂੰ ਬਹੁਮਤ ਦੇ ਕੇ ਪਛਤਾਉਣ ਲੱਗੇ ਹਨ। ਮਾਨ ਦੀ ਸਰਕਾਰ ਨਾ ਤਾਂ ਹੁਣ ਤਕ 18 ਸਾਲ ਤੋਂ ਉੱਪਰ ਦੀਆਂ ਮਹਿਲਾਵਾਂ ਨੂੰ ਇਕ ਹਜ਼ਾਰ ਰੁਪਿਆ ਦੇਣਾ ਸ਼ੁਰੂ ਕਰ ਸਕੀ ਹੈ ਅਤੇ ਨਾ ਹੀ ਲੋਕਾਂ ਨੂੰ 300 ਯੂਨਿਟ ਬਿਜਲੀ ਫਰੀ ਦੇ ਸਕੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਦੇਖ ਕੇ ਲੋਕ ਪਰੇਸ਼ਾਨ ਹੋ ਰਹੇ ਹਨ। ਕਾਂਗਰਸ ਤੇ ਅਕਾਲੀ ਦਲ ਤੋਂ ਬਾਅਦ ਲੋਕਾਂ ਦਾ 'ਆਪ' ਤੋਂ ਵੀ ਮੋਹ ਭੰਗ ਹੋ ਚੁੱਕਿਆ ਹੈ ਤੇ ਹੁਣ ਲੋਕ ਭਾਜਪਾ ਵੱਲ ਦੇਖ ਰਹੇ ਹਨ।

ਪੰਜਾਬ ਵਿਚ ਲਗਾਤਾਰ ਕਾਨੂੰਨ ਵਿਵਸਥਾ ਵਿਗੜ ਰਹੀ ਹੈ, ਬੰਬ ਧਮਾਕੇ ਹੋ ਰਹੇ ਹਨ ਤੇ ਸਰਹੱਦ ਦੇ ਪਾਰੋਂ ਹਥਿਆਰ ਆ ਰਹੇ ਹਨ ਪਰ ਭਗਵੰਤ ਮਾਨ ਇੱਥੇ ਝੂਠ ਬੋਲ ਰਹੇ ਹਨ। ਆਪਣੇ 28 ਮਿੰਟ ਦੇ ਸੰਬੋਧਨ ਦੌਰਾਨ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਆਪਣਾ ਫੋਕਸ ਜਿੱਥੇ 'ਆਪ' ਸਰਕਾਰ ਦੀਆਂ ਕਮੀਆਂ ਗਿਣਾਉਣ 'ਤੇ ਰੱਖਿਆ, ਉੱਥੇ ਹੀ ਉਨ੍ਹਾਂ ਕੇਂਦਰ ਸਰਕਾਰ ਵੱਲੋਂ ਸਿੱਖ ਭਾਈਚਾਰੇ ਲਈ ਕੀਤੇ ਗਏ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ। ਨੱਡਾ ਨੇ ਕਿਹਾ ਕਿ ਸਿੱਖਾਂ ਲਈ ਸਭ ਤੋਂ ਵੱਧ ਕੰਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਜਿਨ੍ਹਾਂ 1984 ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਐੱਸਆਈਟੀ ਦਾ ਗਠਨ ਕਰਕੇ ਦੋਸ਼ੀਆਂ ਨੂੰ ਤਿਹਾੜ ਜੇਲ੍ਹ ਵਿਚ ਸੁੱਟਿਆ।

ਨੱਡਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਲੰਗਰ ਤੋਂ ਜੀਐੱਸਟੀ ਹਟਾਇਆ, 325 ਕਰੋੜ ਰੁਪਿਆ ਸਰਕਾਰ ਖੁਦ ਭਰ ਰਹੀ ਹੈ ਜਦਕਿ ਗ੍ਹਿ ਵਿਭਾਗ ਵੱਲੋਂ ਕਾਲੀ ਸੂਚੀ ਵਿਚ ਸ਼ਾਮਲ ਕੀਤੇ ਗਏ 423 ਵਿੱਚੋਂ 421 ਨਾਵਾਂ ਨੂੰ ਕੱਿਢਆ ਅਤੇ ਕਰਤਾਰਪੁਰ ਲਾਂਘਾ ਖੋਲ੍ਹਣ ਲਈ 129 ਕਰੋੜ ਰੁਪਏ ਦੀ ਲਾਗਤ ਨਾਲ ਕੌਰੀਡੋਰ ਦਾ ਨਿਰਮਾਣ ਕਰਵਾਇਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਭਾਜਪਾ ਇਕੱਲਿਆਂ ਪੰਜਾਬ ਵਿਚ ਸਰਕਾਰ ਬਣਾਵੇਗੀ।

ਵਰਕਰ ਸੰਮੇਲਨ ਵਿਚ ਜਾਣ ਤੋਂ ਪਹਿਲਾਂ ਨੱਡਾ ਨੇ ਸ਼ਹਿਰ ਵਿਚ ਸਨਅਤਕਾਰਾਂ ਨਾਲ ਵੀ ਮੀਟਿੰਗ ਕੀਤੀ ਜਿਸ ਵਿਚ ਉਨ੍ਹਾਂ ਸਨਅਤਕਾਰਾਂ ਨੂੰ ਕਾਰੋਬਾਰ ਵਿਚ ਆ ਰਹੀਆਂ ਸਮੱਸਿਆਵਾਂ ਸੁਣੀਆਂ ਅਤੇ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਜਲਦ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇਗੀ। ਵਰਕਰਾਂ ਵਿਚ ਉਨ੍ਹਾਂ ਨੇ ਮੀਟਿੰਗ ਦੌਰਾਨ ਮਿਸ਼ਨ 2024 ਲਈ ਜੋਸ਼ ਭਰਿਆ। ਨਾਲ ਹੀ ਸਨਅਤਕਾਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਆਪਣਾ ਫ਼ਰਜ਼ ਨਿਭਾਉਂਦੇ ਹੋਏ ਸੁਚੇਤ ਵਿਰੋਧੀ ਧਿਰ ਵਜੋਂ ਕੰਮ ਕਰਦੀ ਰਹੇਗੀ।

ਕਾਨਫਰੰਸ ਨੂੰ ਸੌਦਾਨ ਸਿੰਘ, ਦੁਸ਼ਯੰਤ ਗੌਤਮ, ਡਾ. ਨਰਿੰਦਰ ਰੈਨਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੂਬਾ ਭਾਜਪਾ ਜਨਰਲ ਸਕੱਤਰ ਜੀਵਨ ਗੁਪਤਾ, ਡਾ. ਸੁਭਾਸ਼ ਸ਼ਰਮਾ, ਰਾਜੇਸ਼ ਬਾਘਾ, ਦਿਆਲ ਸਿੰਘ ਸੋਢੀ, ਤੀਕਸ਼ਣ ਸੂਦ, ਮਨੋਰੰਜਨ ਕਾਲੀਆ, ਰਾਕੇਸ਼ ਰਾਠੌਰ, ਫਤਿਹਜੰਗ ਸਿੰਘ ਬਾਜਵਾ, ਹਰਜੀਤ ਸਿੰਘ ਗਰੇਵਾਲ, ਜ਼ਿਲ੍ਹਾ ਜਨਰਲ ਸਕੱਤਰ ਕੰਤੇਂਦੂ ਸ਼ਰਮਾ, ਰਾਮ ਗੁਪਤਾ ਆਦਿ ਵੀ ਹਾਜ਼ਰ ਸਨ।