ਸੰਜੀਵ ਗੁਪਤਾ, ਜਗਰਾਓਂ : ਸਿੱਧਵਾਂ ਬੇਟ ਦੇ ਪਿੰਡਾਂ ਵਿਚ ਲਾਈਟਾਂ ਲਗਾਉਣ ਦੇ ਹੋਏ 65 ਲੱਖੀ ਘੁਟਾਲੇ 'ਚ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਨੂੰ ਵਿਜੀਲੈਂਸ ਵੱਲੋਂ ਦਰਜ ਮੁਕੱਦਮੇ ਵਿਚ ਨਾਮਜ਼ਦ ਕਰਨ ਦੀ ਕਾਂਗਰਸੀਆਂ ਵੱਲੋਂ ਚਾਰ ਚੁਫੇਰਿਓਂ ਨਿਖੇਧੀ ਕੀਤੀ ਜਾ ਰਹੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਅਹੁਦੇਦਾਰ ਮੇਜਰ ਸਿੰਘ ਮੁੱਲਾਂਪੁਰ ਤੇ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਭਿ੍ਸ਼ਟਾਚਾਰ ਮੁਕੱਦਮੇ ਵਿਚ ਕੈਪਟਨ ਸੰਧੂ ਨੂੰ ਨਾਮਜ਼ਦ ਕਰਨਾ ਸੱਤਾਧਾਰੀਆਂ ਦੀ ਸੌੜੀ ਸਿਆਸਤ ਦਾ ਨਤੀਜਾ ਦੱਸਿਆ।

ਉਨ੍ਹਾਂ ਕਿਹਾ ਇਤਿਹਾਸ ਗਵਾਹ ਹੈ ਹਲਕਾ ਮੁੱਲਾਂਪੁਰ ਦਾਖਾ ਨੂੰ ਸਿਰਫ ਦੋ-ਢਾਈ ਸਾਲ ਦੇ ਕਾਰਜਕਾਲ 'ਚ ਪਛੜੇ ਹਲਕੇ ਤੋਂ ਅਗਾਂਹਵਧੂ ਹਲਕਾ ਬਨਾਉਣ ਲਈ ਕੈਪਟਨ ਸੰਧੂ ਦਾ ਜੋ ਯੋਗਦਾਨ ਹੈ, ਉਹ ਇਕ ਰਿਕਾਰਡ ਹੈ। ਉਨਾਂ੍ਹ ਇਸ ਥੋੜੇ ਜਿਹੇ ਅਰਸੇ ਵਿਚ ਕਾਂਗਰਸ ਸਰਕਾਰ ਤੋਂ ਗ੍ਾਂਟਾਂ ਦੇ ਗੱਫੇ ਲਿਆ ਕੇ ਕਰੋੜਾਂ ਰੁਪਏ ਵਿਕਾਸ ਤੇ ਦਾਖਾ ਦੀ ਨੁਹਾਰ ਬਦਲਣ 'ਤੇ ਖਰਚ ਕੀਤੇ। ਇਸ ਦੌਰਾਨ ਸਰਕਾਰ ਦੇ ਜਾਣ ਤੋਂ ਬਾਅਦ ਮੌਜੂਦਾ ਸਰਕਾਰ ਦੇ ਕੁਝ ਆਗੂਆਂ ਦੀ ਅੱਖਾਂ ਵਿਚ ਰੜਕ ਰਹੀ ਕੈਪਟਨ ਸੰਧੂ ਦੀ ਸਖਸ਼ੀਅਤ ਦੇ ਖ਼ਿਲਾਫ਼ ਸਾਜਿਸ਼ ਰਚਨਾ ਰਾਜਨੀਤੀ ਨਹੀਂ, ਘਟੀਆ ਸੋਚ ਦਾ ਨਤੀਜਾ ਹੈ। ਉਨਾਂ੍ਹ ਕਿਹਾ ਕਿ ਸਿਰਫ 65 ਲੱਖ ਦੇ ਘੁਟਾਲੇ ਵਿਚ ਇੰਨੀ ਵੱਡੀ ਸਖਸ਼ੀਅਤ ਨੂੰ ਸ਼ਾਮਲ ਕਰਨਾ ਸਮਝਦਾਰੀ ਨਹੀਂ। ਅਜਿਹਾ ਕਰਨ ਨਾਲ ਵਿਰੋਧੀਆਂ ਦੀ ਆਪਣੀ ਹੀ ਜਗ ਹਸਾਈ ਹੋ ਰਹੀ ਹੈ, ਕਿਉਂਕਿ ਅੱਜ ਨਹੀਂ ਤਾਂ ਕੱਲ੍ਹ ਕੈਪਟਨ ਸੰਧੂ ਇਸ ਮਾਮਲੇ ਵਿਚ ਬੇਦਾਗ਼ ਨਿਕਲਣਗੇ।