ਜੇਐੱਨਐੱਨ, ਲੁਧਿਆਣਾ : ਟੋਲ ਪਲਾਜ਼ਾ 'ਤੇ ਫਾਸਟ ਟੈਗ ਆਉਣ ਤੋਂ ਬਾਅਦ ਲੋਕਾਂ ਨੂੰ ਕਾਫੀ ਸਹੂਲਤਾਂ ਮਿਲ ਰਹੀਆਂ ਹਨ ਪਰ ਦੂਜੇ ਪਾਸੇ ਲੀਡਰਾਂ ਤੇ ਵੀਆਈਪੀ 'ਤੇ ਫਾਸਟ ਟੈਗ ਦਾ ਡੰਡਾ ਚੱਲਣ ਵਾਲਾ ਹੈ। ਫਾਸਟ ਟੈਗ ਸ਼ੁਰੂ ਹੋਣ ਤੋਂ ਪਹਿਲਾਂ ਵੀਆਈਪੀ ਆਸਾਨੀ ਨਾਲ ਟੋਲ ਪਲਾਜ਼ਾ 'ਤੇ ਬਿਨਾਂ ਪੈਸੇ ਦਿੱਤੇ ਨਿਕਲ ਜਾਂਦੇ ਸਨ। ਵੀਆਈਪੀ ਦੀ ਗੱਡੀ 'ਚ ਬੈਠਾ ਗੰਨਮੈਨ ਹੀ ਟੋਲ ਪਲਾਜ਼ਾ ਦਾ ਗੇਟ ਖੁੱਲ੍ਹਵਾ ਦਿੰਦਾ ਸੀ, ਪਰ ਹੁਣ ਹਾਲਾਤ ਬਦਲ ਗਏ ਹਨ। ਫਾਸਟ ਟੈਗ ਆਉਣ ਤੋਂ ਬਾਅਦ ਟੋਲ ਪਲਾਜ਼ਾ ਦਾ ਗੇਟ ਚਿੱਪ ਨੂੰ ਸਕੈਨ ਕਰਨ ਤੋਂ ਬਾਅਦ ਹੀ ਖੁੱਲ੍ਹਦਾ ਹੈ।

ਹੁਣ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐੱਨਐੱਚਏਆਈ) ਨੇ ਸਾਰੇ ਵਿਭਾਗਾਂ ਨੂੰ ਲਿਖ ਕੇ ਭੇਜ ਦਿੱਤਾ ਹੈ ਕਿ ਜਿਹੜੇ ਵੀ ਅਧਿਕਾਰੀ ਅਤੇ ਹੋਰ ਵੀਆਈਪੀ ਲੋਕ ਹਨ, ਉਨ੍ਹਾਂ ਨੂੰ ਟੋਲ ਪਲਾਜ਼ਾ ਪਾਰ ਕਰਨ ਤੋਂ ਪਹਿਲਾਂ ਐੱਨਐੱਚਏਆਈ ਦੀ ਸਾਈਟ 'ਤੇ ਜਾ ਕੇ ਬਿਨੈ ਭਰਨਾ ਪਵੇਗਾ, ਜਿਸ ਤੋਂ ਬਾਅਦ ਐੱਨਐੱਚਏਆਈ ਉਸ ਵੀਆਈਪੀ ਦੇ ਅਹੁਦੇ ਮੁਤਾਬਕ ਮਨਜ਼ੂਰੀ ਦੇਵੇਗੀ। ਮਨਜ਼ੂਰੀ ਮਿਲਣ ਤੋਂ ਬਾਅਦ ਹੀ ਵੀਆਈਪੀ ਦੀ ਗੱਡੀ ਨਿਕਲਣ ਦਿੱਤੀ ਜਾਵੇਗੀ, ਵਰਨਾ ਫਾਸਟ ਟੈਗ ਦੀ ਚਿੱਪ ਲਗਵਾ ਕੇ ਟੋਲ ਤੋਂ ਨਿਕਲਣਾ ਪਵੇਗਾ। ਹੁਣ ਪਹਿਲਾਂ ਦੀ ਤਰ੍ਹਾਂ ਗੰਨਮੈਨ ਟੋਲ ਗੇਟ ਨਹੀਂ ਖੁੱਲ੍ਹਵਾ ਸਕੇਗਾ।

ਐੱਨਐੱਚਏਆਈ ਨੇ ਤਿਆਰ ਕੀਤੀ ਵੀਆਈਪੀਜ਼ ਦੀ ਲਿਸਟ

ਐੱਨਐੱਚਏਆਈ ਵੱਲੋਂ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਦੀ ਲਿਸਟ ਲੈ ਲਈ ਗਈ ਹੈ। ਇਸ ਦੇ ਨਾਲ ਹੀ ਨੇਤਾਵਾਂ ਨੂੰ ਲੈ ਕੇ ਵੀ ਕੈਟਾਗਿਰੀ ਤਿਆਰ ਕੀਤੀ ਗਈ ਹੈ। ਤਾਂਕਿ ਉਨ੍ਹਾਂ ਲੋਕਾਂ ਨੂੰ ਹੀ ਟੋਲ ਪਲਾਜ਼ਾ 'ਤੇ ਵੀਆਈਪੀ ਟ੍ਰੀਟਮੈਂਟ ਮਿਲੇ, ਜਿਹੜੇ ਐੱਨਐੱਚਏਆਈ ਦੀ ਲਿਸਟ ਵਿਚ ਸ਼ਾਮਲ ਹੋਣਗੇ। ਐੱਨਐੱਚਏਆਈ ਵੱਲੋਂ ਤਿਆਰ ਕੀਤੀ ਗਈ ਲਿਸਟ ਨੂੰ ਸਾਰੇ ਟੋਲ ਪਲਾਜ਼ਾ 'ਤੇ ਜਾਰੀ ਕਰ ਦਿੱਤਾ ਜਾਵੇਗਾ। ਲਿਸਟ ਵਿਚ ਸ਼ਾਮਲ ਵੀਆਈਪੀ ਦੀ ਗੱਡੀ ਜਦੋਂ ਕਿਸੇ ਟੋਲ ਪਲਾਜ਼ਾ 'ਤੇ ਪਹੁੰਚੇਗੀ ਤਾਂ ਉਸ ਨੂੰ ਬਿਨਾਂ ਟੋਲ ਜਾਣ ਦਿੱਤਾ ਜਾਵੇਗਾ।

ਡੀਜੀਐੱਮ ਟੋਲ ਆਪ੍ਰੇਸ਼ਨ (ਐੱਨਐੱਚਏਆਈ) ਨਿਮੇਸ਼ ਤਿਵਾਰੀ ਨੇ ਕਿਹਾ ਕਿ ਵੀਆਈਪੀ ਗੱਡੀਆਂ ਨੂੰ ਲੈ ਕੇ ਲਿਸਟ ਤਿਆਰ ਕਰ ਲਈ ਗਈ ਹੈ, ਜੋ ਕਿ ਟੋਲ ਪਲਾਜ਼ਾ 'ਤੇ ਭੇਜ ਦਿੱਤੀ ਜਾਵੇਗੀ। ਇਸਦੇ ਨਾਲ ਹੀ ਵੀਆਈਪੀਜ਼ ਨੂੰ ਐੱਨਐੱਚਏਆਈ ਦੀ ਸਾਈਟ 'ਤੇ ਜਾ ਕੇ ਬਿਨੈ ਕਰਨਾ ਪਵੇਗਾ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮਨਜ਼ੂਰੀ ਮਿਲੇਗੀ ਅਤੇ ਉਹ ਟੋਲ ਪਲਾਜ਼ਾ 'ਤੇ ਇਸ ਸਹੂਲਤ ਦਾ ਲਾਭ ਚੁੱਕ ਸਕਣਗੇ। ਜੇਕਰ ਕਿਸੇ ਵੀਆਈਪੀ ਨੂੰ ਮਨਜ਼ੂਰੀ ਨਹੀਂ ਮਿਲੇਗੀ ਤਾਂ ਉਨ੍ਹਾਂ ਨੂੰ ਟੋਲ ਦੇਣਾ ਹੀ ਪਵੇਗਾ।

Posted By: Seema Anand