ਉਦਯੋਗਪਤੀਆਂ ਵੱਲੋਂ ਐਨਐਚਏਆਈ ਪ੍ਰੋਜੈਕਟ ਡਾਇਰੈਕਟਰ ਨਾਲ ਮੀਟਿੰਗ
ਉਦਯੋਗਪਤੀਆਂ ਦੇ ਵਫ਼ਦ ਵੱਲੋਂ ਐਨਐਚਏਆਈ ਪ੍ਰੋਜੈਕਟ ਡਾਇਰੈਕਟਰ ਮੈਡਮ ਪ੍ਰਿਅੰਕਾ ਨਾਲ ਅਹਿਮ ਮੀਟਿੰਗ
Publish Date: Tue, 09 Jun 2026 06:09 PM (IST)
Updated Date: Tue, 09 Jun 2026 06:11 PM (IST)

-ਲੁਧਿਆਣਾ ਦੇ ਵਿਕਾਸ ਨਾਲ ਜੁੜੇ ਕਈ ਮੁੱਦਿਆਂ ਤੇ ਹੋਈ ਵਿਸਥਾਰਪੂਰਵਕ ਚਰਚਾ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਉਦਯੋਪਤੀਆਂ ਦੇ ਇੱਕ ਵਫ਼ਦ ਵੱਲੋਂ ਅੱਜ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐਨਐਚਏਆਈ) ਦੀ ਪ੍ਰੋਜੈਕਟ ਡਾਇਰੈਕਟਰ ਮੈਡਮ ਪ੍ਰਿਅੰਕਾ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਇੱਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਲੁਧਿਆਣਾ ਦੇ ਉਦਯੋਗਿਕ ਅਤੇ ਆਮ ਲੋਕਾਂ ਨਾਲ ਸਬੰਧਿਤ ਕਈ ਮਹੱਤਵਪੂਰਨ ਮੰਗਾਂ ਬਾਰੇ ਚਰਚਾ ਕਰ ਕੇ ਮੰਗਾਂ ਨੂੰ ਪ੍ਰੋਜੈਕਟ ਡਾਇਰੈਕਟਰ ਦੇ ਧਿਆਨ ਵਿੱਚ ਲਿਆਂਦਾ ਗਿਆ। ਮੀਟਿੰਗ ਵਿੱਚ ਫੋਕਲ ਪੁਆਇੰਟ ਓਵਰਬ੍ਰਿਜ ਉੱਤੇ ਦੋਪਹੀਆ ਵਾਹਨਾਂ ਦੀ ਆਵਾਜਾਈ ਦੀ ਆਗਿਆ ਦੇਣ ਅਤੇ ਗਿਆਸਪੁਰਾ ਰੇਲਵੇ ਫਾਟਕ ਨੇੜੇ ਦੋਪਹੀਆ ਵਾਹਨਾਂ ਲਈ ਸਮਰਪਿਤ ਓਵਰਬ੍ਰਿਜ/ਫਲਾਈਓਵਰ ਬਣਾਉਣ ਸਬੰਧੀ ਮੰਗ ਪੱਤਰ ਸੌਂਪਿਆ ਗਿਆ। ਮੈਡਮ ਨੂੰ ਦੱਸਿਆ ਗਿਆ ਕਿ ਲੁਧਿਆਣਾ ਪੰਜਾਬ ਦਾ ਪ੍ਰਮੁੱਖ ਉਦਯੋਗਿਕ ਸ਼ਹਿਰ ਹੈ ਅਤੇ ਹਜ਼ਾਰਾਂ ਮਜ਼ਦੂਰ, ਕਰਮਚਾਰੀ ਤੇ ਉਦਯੋਗਪਤੀ ਹਰ ਰੋਜ਼ ਇਸ ਰਸਤੇ ਰਾਹੀਂ ਆਵਾਜਾਈ ਕਰਦੇ ਹਨ। ਦੋਪਹੀਆ ਵਾਹਨਾਂ ਨੂੰ ਓਵਰਬ੍ਰਿਜ ਦੀ ਆਗਿਆ ਮਿਲਣ ਨਾਲ ਟ੍ਰੈਫਿਕ ਦਾ ਦਬਾਅ ਘਟੇਗਾ, ਹਾਦਸਿਆਂ ਦੀ ਸੰਭਾਵਨਾ ਘੱਟ ਹੋਵੇਗੀ ਅਤੇ ਲੋਕਾਂ ਦਾ ਸਮਾਂ ਤੇ ਤੇਲ ਬਚੇਗਾ। ਗਿਆਸਪੁਰਾ ਰੇਲਵੇ ਫਾਟਕ ਨੇੜੇ ਦੋਪਹੀਆ ਵਾਹਨਾਂ ਲਈ ਵੱਖਰਾ ਓਵਰਬ੍ਰਿਜ ਜਾਂ ਹੋਰ ਢੁੱਕਵੀਂ ਸਹੂਲਤ ਬਣਾਉਣ ਦੀ ਮੰਗ ਵੀ ਰੱਖੀ ਗਈ ,ਤਾਂ ਜੋ ਲੋਕਾਂ ਨੂੰ ਲੰਮੇ ਚੱਕਰਾਂ ਤੋਂ ਛੁਟਕਾਰਾ ਮਿਲ ਸਕੇ। ਮੀਟਿੰਗ ਦੌਰਾਨ ਪਿਛਲੀ ਮੀਟਿੰਗ ਵਿੱਚ ਰੱਖੀ ਗਈ ਸਾਹਨੇਵਾਲ ਤੋਂ ਜਲੰਧਰ ਬਾਈਪਾਸ ਤੱਕ ਦੋਵੇਂ ਪਾਸਿਆਂ ਦੀ ਸਰਵਿਸ ਲੇਨ ਨੂੰ ਕੰਕਰੀਟ ਸੜਕ ਵਿੱਚ ਤਬਦੀਲ ਕਰਨ ਦੀ ਮੰਗ ਬਾਰੇ ਵੀ ਚਰਚਾ ਹੋਈ। ਮੈਡਮ ਪ੍ਰਿਅੰਕਾ ਨੇ ਜਾਣਕਾਰੀ ਦਿੱਤੀ ਕਿ ਇਸ ਸਬੰਧੀ ਪ੍ਰਕਿਰਿਆ ਅੱਗੇ ਵੱਧ ਚੁੱਕੀ ਹੈ ਤੇ ਬਹੁਤ ਜਲਦੀ ਕੰਮ ਸ਼ੁਰੂ ਹੋਣ ਦੀ ਉਮੀਦ ਹੈ। ਇਹ ਵੀ ਕਿਹਾ ਗਿਆ ਕਿ ਜੇਕਰ ਕਿਸੇ ਨੇ ਸੀਵਰ, ਪਾਣੀ ਜਾਂ ਹੋਰ ਕੋਈ ਪਾਈਪਲਾਈਨ ਪਾਉਣੀ ਹੈ, ਤਾਂ ਕੰਕਰੀਟ ਸੜਕ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਉਸ ਦੌਰਾਨ ਕਰਵਾ ਲਈ ਜਾਵੇ, ਤਾਂ ਜੋ ਬਾਅਦ ਵਿੱਚ ਨਵੀਂ ਬਣੀ ਸੜਕ ਨੂੰ ਤੋੜਨ ਦੀ ਲੋੜ ਨਾ ਪਵੇ। ਮੈਡਮ ਪ੍ਰਿਅੰਕਾ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਢੰਡਾਰੀ ਰੇਲਵੇ ਸਟੇਸ਼ਨ ਨੇੜੇ ਮੌਜੂਦਾ ਅੰਡਰਪਾਸ ਨੂੰ ਹਟਾ ਕੇ ਉੱਥੇ ਇੱਕ ਵੱਡਾ ਪੁਲ ਬਣਾਉਣ ਦੀ ਪ੍ਰਪੋਜ਼ਲ ਤਿਆਰ ਹੋ ਕੇ ਭੇਜੀ ਜਾ ਚੁੱਕੀ ਹੈ ਅਤੇ ਇਸ ਉੱਤੇ ਵੀ ਜਲਦੀ ਕੰਮ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਸ਼ੇਰਪੁਰ ਚੌਕ ਤੋਂ ਫੋਕਲ ਪੁਆਇੰਟ ਪੁਲ ਦੇ ਵਿਚਕਾਰ ਨੈਸ਼ਨਲ ਹਾਈਵੇ ਉੱਤੇ ਚੜ੍ਹਨ ਅਤੇ ਉਤਰਨ ਲਈ ਰਸਤੇ ਮੁਹੱਈਆ ਕਰਵਾਉਣ ਦੀ ਮੰਗ ਤੇ ਵੀ ਸਕਾਰਾਤਮਕ ਵਿਚਾਰ ਕੀਤਾ ਗਿਆ ਹੈ। ਮਿੱਤਲ ਕੰਡੇ ਦੇ ਨੇੜੇ ਸਥਿਤ ਰਵੀ ਸਾਈਕਲ ਉਦਯੋਗ ਤੋਂ ਲੈ ਕੇ ਈਸਟਮੈਨ ਇੰਡਸਟਰੀ ਤੱਕ ਸੀਵਰ ਪਾਉਣ ਸਬੰਧੀ ਪ੍ਰੋਜੈਕਟ ਦੀ ਫਾਈਲ ਮਨਜ਼ੂਰੀ ਲਈ ਚੰਡੀਗੜ੍ਹ ਹੈੱਡ ਆਫਿਸ ਭੇਜੀ ਜਾ ਚੁੱਕੀ ਹੈ। ਮਨਜ਼ੂਰੀ ਮਿਲਣ ਉਪਰੰਤ ਇਹ ਪ੍ਰੋਜੈਕਟ ਲੁਧਿਆਣਾ ਨਗਰ ਨਿਗਮ ਨੂੰ ਸੌਂਪ ਦਿੱਤਾ ਜਾਵੇਗਾ, ਤਾਂ ਜੋ ਕੰਮ ਸ਼ੁਰੂ ਕੀਤਾ ਜਾ ਸਕੇ। ਵਫ਼ਦ ਦੇ ਮੈਂਬਰਾਂ ਨੇ ਮੈਡਮ ਪ੍ਰਿਅੰਕਾ ਦਾ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਲੁਧਿਆਣਾ ਦੇ ਉਦਯੋਗਿਕ ਤੇ ਜਨਹਿੱਤ ਨਾਲ ਜੁੜੀਆਂ ਇਨ੍ਹਾਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਉਨ੍ਹਾਂ ਨੂੰ ਅੱਗੇ ਵਧਾਉਣ ਲਈ ਸਕਾਰਾਤਮਕ ਭਰੋਸਾ ਦਿੱਤਾ। ਮੀਟਿੰਗ ਵਿੱਚ ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਫ਼ੈਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ, ਸਤਨਾਮ ਸਿੰਘ ਮੱਕੜ ਪ੍ਰਧਾਨ ਢੰਡਾਰੀ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਤੇ ਵਿੱਤ ਸਕੱਤਰ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ, ਬੇਅੰਤਪਾਲ ਸਿੰਘ ਐਡਵਾਂਸ ਪਲਾਸਟਿਕ ਇੰਡਸਟੀਜ਼, ਉਮੇਸ਼ ਕੁਮਾਰ ਨਾਰੰਗ, ਰਕੇਸ਼ ਨਰੂਲਾ, ਭੁਪਿੰਦਰ ਸਿੰਘ, ਵਨੀਤ ਸਚਦੇਵਾ ਆਦਿ ਹਾਜ਼ਰ ਸਨ।