ਸੰਜੀਵ ਗੁਪਤਾ, ਜਗਰਾਓਂ

ਬੇਟ ਇਲਾਕੇ 'ਚ ਸਤਲੁਜ ਦਰਿਆ ਨੇੜੇ ਨਾਜਾਇਜ ਮਾਈਨਿੰਗ ਦਾ ਕੰਮ ਧੜੱਲੇ ਨਾਲ ਦਿਨ ਰਾਤ ਚੱਲ ਰਿਹਾ ਹੈ। ਇਸ ਨੂੰ ਰੋਕਣ ਵਾਲਾ ਵਿਭਾਗ ਪੂਰੀ ਤਰ੍ਹਾਂ ਕੁੰਭਕਰਨੀਂ ਨੀਂਦ ਸੁੱਤਾ ਹੋਇਆ ਹੈ। ਵਿਭਾਗ ਨੂੰ ਜਗਾਉਣ ਲਈ ਜੱਥੇਬੰਦੀਆਂ ਅਤੇ ਲੋਕਾਂ ਵੱਲੋਂ ਕਈ ਵਾਰ ਧਰਨੇ, ਮੁਜ਼ਾਹਰੇ ਕਰਨ ਦੇ ਨਾਲ ਨਾਲ ਸਰਕਾਰ ਨੂੰ ਜਗਾਉਣ ਲਈ ਕਈ ਹੀਲੇ ਕੀਤੇ। ਜਿਸ ਦੇ ਚੱਲਦਿਆਂ ਨੀਂਦ ਤੋਂ ਜਾਗੇ ਵਿਭਾਗ ਨੇ ਬੇਟ ਇਲਾਕੇ 'ਚ ਕਾਰਵਾਈ ਕੀਤੀ ਤਾਂ ਸ਼ਰੇਆਮ ਰੇਤੇ ਨਾਲ ਭਰੀਆਂ ਟਰੈਕਟਰ-ਟਰਾਲੀਆਂ ਲੰਘ ਰਹੀਆਂ ਸਨ। ਜਿਸ 'ਤੇ ਸਹਾਇਕ ਵਾਤਾਵਰਣ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਬੋਰਡ ਸਿੱਧਵਾਂ ਬੇਟ ਕੁਲਦੀਪ ਸਿੰਘ ਨੇ ਭੈਣੀ ਅਰਾਈਆਂ ਨੇੜੇ ਇਕ ਰੇਤੇ ਨਾਲ ਭਰੀ ਟਰਾਲੀ ਨੂੰ ਰੋਕ ਕੇ ਪਰਚੀ ਲਈ ਪੁੱਿਛਆ ਤਾਂ ਉਸ ਕੋਲ ਕੋਈ ਪਰਚੀ ਨਾ ਹੋਣ ਤੇ ਟਰੈਕਟਰ ਚਾਲਕ ਗੁਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਭੂੰਦੜੀ ਨੂੰ ਗਿ੍ਰਫਤਾਰ ਕਰਕੇ ਉਸ ਦਾ ਟਰੈਕਟਰ-ਟਰਾਲੀ ਕਬਜੇ ਵਿਚ ਲੈ ਲਿਆ। ਇਸੇ ਤਰ੍ਹਾਂ ਐਗਰੀਕਲਚਰ ਡਿਵੈਲਪਮੈਂਟ ਅਫਸਰ ਸੰਤੋਸ਼ ਕੁਮਾਰ ਨੇ ਬੀਤੀ ਰਾਤ ਕਰੀਬ 10 ਵਜੇ ਪਿੰਡ ਅੱਕੂਵਾਲ ਵਿਖੇ ਰਾਤ ਦੇ ਹਨੇਰੇ ਵਿਚ ਰੇਤੇ ਦੀਆਂ ਭਰੀਆਂ ਟਰਾਲੀਆਂ ਦੀ ਕਾਨਵਾਈ ਨੂੰ ਰੋਕਿਆ ਤਾਂ ਇਨ੍ਹਾਂ ਦੇ ਚਾਲਕ ਆਪਣੇ ਟਰੈਕਟਰ ਟਰਾਲੀਆਂ ਛੱਡ ਕੇ ਫਰਾਰ ਹੋ ਗਏ, ਜਿਸ 'ਤੇ ਟੀਮ ਨੇ ਦੋ ਟਰੈਕਟਰ-ਟਰਾਲੀ ਸਵਰਾਜ ਅਤੇ ਇੱਕ ਟਰੈਕਟਰ-ਟਰਾਲੀ ਸੋਨਾਲੀਕਾ ਕਬਜੇ ਵਿਚ ਲੈ ਲਏ।