ਸੰਜੀਵ ਗੁਪਤਾ, ਜਗਰਾਓਂ

ਬੇਟ ਇਲਾਕੇ 'ਚ ਪੈਂਦੇ ਸਤਲੁਜ ਦਰਿਆ ਕੰਢੇ ਨਾਜਾਇਜ ਸ਼ਰਾਬ ਕੱਢਣ ਦੇ ਧੰਦੇ ਨੂੰ ਰੋਕਣ ਲਈ ਐਕਸਾਈਜ਼ ਵਿਭਾਗ ਦੀ ਨਿੱਤ ਛਾਪਾਮਾਰੀ ਦੇ ਬਾਵਜੂਦ ਇਹ ਧੰਦਾ ਬਾਦਸਤੂਰ ਜਾਰੀ ਹੈ। ਪੁਲਿਸ ਛਾਪਾਮਾਰੀ ਦੌਰਾਨ ਦਰਿਆ ਪਾਰ ਕਰਨ ਦੇ ਮਾਹਰ ਤਸਕਰ ਜਿੱਥੇ ਦਰਿਆ ਪਾਰ ਕਰਕੇ ਫਰਾਰ ਹੋ ਜਾਂਦੇ ਹਨ, ਉਥੇ ਪੁਲਿਸ ਦੇ ਜਾਂਦੇ ਹੀ ਤਸਕਰ ਫਿਰ ਸ਼ਰਾਬ ਕੱਢਣ ਵਿਚ ਲੱਗ ਜਾਂਦੇ ਹਨ। ਅੱਜ ਵੀ ਐਕਸਾਈਜ਼ ਇੰਸਪੈਕਟਰ ਇੰਦਰਪਾਲ ਸਿੰਘ ਦੀ ਅਗਵਾਈ ਵਿਚ ਐਕਸਾਈਜ ਟੀਮ ਨੇ ਸਤਲੁਜ ਦਰਿਆ ਕੰਢੇ ਵਸਦੇ ਪਿੰਡ ਗੋਰਸੀਆ ਖਾਨ ਮੁਹੰਮਦ, ਚੰਡੀਗੜ੍ਹ ਦੀਆਂ ਛੰਨਾਂ ਅਤੇ ਗੋਰਸੀਆਂ ਕਾਦਰ ਬਖਸ਼ ਇਲਾਕੇ ਵਿਚ ਛਾਪਾ ਮਾਰਿਆ। ਇਸ ਛਾਪੇਮਾਰੀ ਦੌਰਾਨ ਟੀਮ ਨੂੰ ਦੇਖ ਕੇ ਤਸਕਰ ਰਫੂ ਚਕਰ ਹੋ ਗਏ। ਟੀਮ ਨੂੰ ਇਸ ਦੌਰਾਨ ਕਈ ਚਾਲੂ ਭੱਠੀਆਂ ਅਤੇ ਸ਼ਰਾਬ ਨਾਲ ਭਰੇ ਡਰੱਮ ਬਰਾਮਦ ਹੋਏ। ਇਸ ਤੋਂ ਇਲਾਵਾ ਸਰਚ ਅਭਿਆਨ ਦੌਰਾਨ ਜ਼ਮੀਨ ਹੇਠਾਂ ਦੱਬਿਆ 16 ਹਜ਼ਾਰ ਕਿਲੋ ਲਾਹਣ ਵੀ ਬਰਾਮਦ ਹੋਇਆ। ਐਕਸਾਈਜ ਇੰਸਪੈਕਟਰ ਇੰਦਰਪਾਲ ਸਿੰਘ ਨੇ ਦੱਸਿਆ ਕਿ ਅੱਜ ਦੀ ਛਾਪਾਮਾਰੀ ਦੌਰਾਨ ਤਸਕਰਾਂ ਨੂੰ ਭਾਜੜਾਂ ਪਈਆਂ ਰਹੀਆਂ। ਉਨ੍ਹਾਂ ਮੰਨਿਆ ਕਿ ਛਾਪੇ ਦੌਰਾਨ ਅਕਸਰ ਤਸਕਰ ਭੱਜ ਜਾਂਦੇ ਹਨ ਪਰ ਉਨ੍ਹਾਂ ਵੱਲੋਂ ਰੱਖਿਆ ਲਾਹਣ ਨਸ਼ਟ ਕਰਨ ਅਤੇ ਸਮਾਨ ਬਰਾਮਦ ਕਰ ਲੈਣ ਕਾਰਨ ਉਨ੍ਹਾਂ ਦੇ ਹੌਂਸਲੇ ਟੁੱਟ ਰਹੇ ਹਨ। ਉਨ੍ਹਾ ਕਿਹਾ ਕਿ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ, ਜਿਸ ਦੇ ਚੱਲਦਿਆਂ ਤਸਕਰਾਂ ਨੂੰ ਭੱਜਣਾ ਪਵੇਗਾ।