ਜੇਐੱਨਐੱਨ, ਲੁਧਿਆਣਾ : ਸੈਸ਼ਨ ਕੋਰਟ 'ਚ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਜ਼ਮਾਨਤ ਅਰਜ਼ੀ ਰੱਦ ਹੋ ਗਈ ਹੈ ਤੇ ਹੁਣ ਫਿਰ ਤੋਂ ਬੈਂਸ ਦੀ ਗਿ੍ਫ਼ਤਾਰੀ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ। ਉਧਰ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਜ਼ਮਾਨਤ ਅਰਜ਼ੀ ਦਾਇਰ ਕਰਨ ਦੀ ਤਿਆਰੀ ਕਰ ਲਈ ਹੈ। ਉਥੇ ਹੀ ਦੂਸਰੇ ਪਾਸੇ ਬੈਂਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੱਤੀ ਹੈ ਕਿ ਜੇਕਰ ਉਹ ਉਨ੍ਹਾਂ ਨੂੰ ਗਿ੍ਫ਼ਤਾਰ ਕਰਵਾਉਣਾ ਚਾਹੁੰਦੇ ਹਨ ਤਾਂ ਆਪਣੀ ਪੁਲਿਸ ਨੂੰ ਭੇਜਣ। ਉਨ੍ਹਾਂ ਕਿਹਾ,''ਕੈਪਟਨ ਇਹ ਭੁੱਲ ਜਾਣ ਕਿ ਬੈਂਸ ਗਿ੍ਫਤਾਰੀ ਦੇ ਡਰੋਂ ਭੱਜ ਜਾਵੇਗਾ। ਲੋਕਾਂ ਦੀ ਆਵਾਜ਼ ਉਠਾਉਣ ਲਈ ਮੈਂ ਪਹਿਲਾਂ ਵੀ ਜੇਲ੍ਹ ਗਿਆ ਹਾਂ ਤੇ ਹੁਣ ਵੀ ਜੇਲ੍ਹ ਤੋਂ ਜਾਣ ਤੋਂ ਕੋਈ ਡਰ ਨਹੀਂ ਹੈ।'' ਜ਼ਿਕਰਯੋਗ ਹੈ ਕਿ ਬਟਾਲਾ ਪਟਾਕਾ ਫੈਕਟਰੀ ਧਮਾਕੇ ਤੋਂ ਬਾਅਦ ਬੈਂਸ ਤੇ ਗੁਰਦਾਸਪੁਰ ਦੇ ਡੀਸੀ ਵਿਚਾਲੇ ਤਕਰਾਰ ਹੋ ਗਈ ਸੀ, ਜਿਸ ਤੋਂ ਬਾਅਦ ਬੈਂਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।

ਸੋਮਵਾਰ ਨੂੰ ਬੈਂਸ ਦੀ ਜ਼ਮਾਨਤ ਅਰਜ਼ੀ ਰੱਦ ਹੋਣ ਤੋਂ ਬਾਅਦ ਮੰਗਲਵਾਰ ਨੂੰ ਪੂਰੇ ਦਿਨ ਚਰਚਾ ਰਹੀ ਕਿ ਬਟਾਲਾ ਪੁਲਿਸ ਬੈਂਸ ਦੀ ਗਿ੍ਫਤਾਰੀ ਲਈ ਆ ਰਹੀ ਹੈ। ਜਦਕਿ ਬੈਂਸ ਸਰਕਟ ਹਾਊਸ 'ਚ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਦੇ ਰਹੇ। ਬੈਂਸ ਨੇ ਦੱਸਿਆ ਕਿ ਬਟਾਲਾ ਕਾਂਡ ਦੇ ਪੀੜਤਾਂ ਨੂੰ ਨਿਆਂ ਦਿਵਾਉਣ ਲਈ ਉਹ ਖ਼ੁਦ ਤੇ ਉਨ੍ਹਾਂ ਦੀ ਪਾਰਟੀ ਦੇ ਮੈਂਬਰ ਗੁਰਦਾਸਪੁਰ ਡੀਸੀ ਦਫਤਰ ਦੇ ਬਾਹਰ ਪੱਕਾ ਧਰਨਾ ਲਗਾ ਕੇ ਬੈਠਣਗੇ। ਬੈਂਸ ਨੇ ਕਿਹਾ ਕਿ ਕੈਪਟਨ ਉਨ੍ਹਾਂ 'ਤੇ ਪਰਚਾ ਦਰਜ ਕਰਵਾ ਕੇ ਚੁੱਪ ਕਰਵਾਉਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਭਿ੍ਸ਼ਟਾਚਾਰ ਦੇ ਮਾਮਲੇ 'ਚ ਕਿਸੇ ਅੱਗੇ ਨਹੀਂ ਝੁਕਦੇ। ਉਨ੍ਹਾਂ ਦੀ ਪਾਰਟੀ ਦੀ ਮੰਗ ਹੈ ਕਿ ਬਟਾਲਾ ਕਾਂਡ ਦੇ ਪੀੜਤਾਂ ਨੂੰ 10-10 ਲੱਖ ਰੁਪਏ ਤੇ ਹਰੇਕ ਮਿ੍ਤਕ ਦੇ ਪਰਿਵਾਰ 'ਚੋਂ ਇਕ ਜਣੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਪੂਰੇ ਸੂਬੇ 'ਚ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ ਤੇ ਸਰਕਾਰ ਇਸ ਮਾਮਲੇ 'ਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਲਿਪ ਵਰਕਰ ਹੁਣ ਜ਼ਿਲ੍ਹਾ ਮੁੱਖ ਦਫਤਰਾਂ 'ਤੇ ਧਰਨੇ ਦੇਵੇਗੀ। ਬੈਂਸ ਨੇ ਕਿਹਾ ਕਿ ਉਪ-ਚੋਣਾਂ ਲਈ ਲਿਪ ਪੂਰੀ ਤਰ੍ਹਾਂ ਤਿਆਰ ਹੈ ਤੇ ਜਲਦੀ ਉਮੀਦਵਾਰਾਂ ਦੇ ਨਾਵਾਂ 'ਤੇ ਆਖ਼ਰੀ ਫੈਸਲਾ ਲਿਆ ਜਾਵੇਗਾ ਤੇ ਉਮੀਦਵਾਰਾਂ ਨੂੰ ਮੈਦਾਨ 'ਚ ਉਤਾਰਿਆ ਜਾਵੇਗਾ।