ਸੰਜੀਵ ਗੁਪਤਾ, ਜਗਰਾਓਂ : ਸਥਾਨਕ ਸ਼ਿਵਾਲਾ ਸੀਤਾ ਰਾਮ ਵਿਖੇ ਅੱਜ ਜੈਕਾਰਿਆਂ ਦੀ ਗੂੰਜ ਵਿਚ ਮਾਤਾ ਮਹਾਕਾਲੀ ਤੇ ਭੈਰੋ ਬਾਬਾ ਜੀ ਦੀਆਂ ਮੂਰਤੀਆਂ ਪਵਿੱਤਰ ਪੁਰਾਤਨ ਗੁਫਾ 'ਚ ਸਥਾਪਿਤ ਕੀਤੀਆਂ ਗਈਆਂ। ਮੂਰਤੀ ਸਥਾਪਨਾ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਸ਼ਿਵਾਲਾ ਵਿਖੇ ਧਾਰਮਿਕ ਸਮਾਗਮ ਚੱਲ ਰਹੇ ਹਨ। ਜਗਤ ਗੁਰੂ ਪੰਚਾਨੰਦ ਗਿਰੀ ਦੀ ਸਰਪ੍ਰਸਤੀ ਹੇਠ ਸੋਮਵਾਰ ਦੇ ਸਮਾਗਮ 'ਚ ਸਵੇਰੇ ਮੂਰਤੀ ਨਗਰ ਪਰਿਕਰਮਾ ਦਾ ਪ੍ਰਬੰਧ ਕੀਤਾ ਗਿਆ, ਜਿਸ 'ਚ ਸ਼ਰਧਾਲੂ ਸਿਮਰਨ ਕਰਦੇ ਹਾਜ਼ਰੀ ਭਰ ਰਹੇ ਸਨ।

ਨਗਰ ਪਰਿਕਰਮਾ ਦਾ ਇਲਾਕੇ ਭਰ 'ਚ ਸ਼ਰਧਾਲੂਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਉਪਰੰਤ ਹਵਨ ਕਰਵਾਇਆ ਗਿਆ, ਜਿਸ 'ਚ ਇਲਾਕੇ ਭਰ ਤੋਂ ਪੁੱਜੇ ਸ਼ਰਧਾਲੂਆਂ ਵੱਲੋਂ ਆਹੂਤੀਆਂ ਪਾਈਆਂ ਗਈਆਂ। ਇਸ ਮੌਕੇ ਸ਼ਿਵਾਲਾ ਮੰਦਰ ਦੇ ਬਾਬਾ ਮਹੇਸ਼ ਗਿਰੀ ਨੇ ਕਿਹਾ ਸ਼ਿਵਾਲਾ ਅੰਦਰ ਸਥਿਤ ਮਾਤਾ ਦੀ ਗੁਫਾ ਪ੍ਰਰਾਚੀਨ ਹੈ, ਜਿਥੇ ਸ਼ਰਧਾ ਨਾਲ ਹਰ ਸ਼ਰਧਾਲੂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।

ਉਨ੍ਹਾਂ ਸਮਾਗਮ 'ਚ ਪੁੱਜੀਆਂ ਸ਼ਖ਼ਸੀਅਤਾਂ ਤੇ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਤਹਿਸੀਲਦਾਰ ਮਨਮੋਹਨ ਕੁਮਾਰ ਕੌਸ਼ਿਕ, ਸੁਰਿੰਦਰ ਖੰਨਾ, ਸੰਜੀਵ ਮਲਹੋਤਰਾ ਰਿੰਪੀ ਆਦਿ ਹਾਜ਼ਰ ਸਨ।